ਜੱਚਾ-ਬੱਚਾ ਵਾਰਡ ਦੀ ਤਿਆਰੀ ’ਤੇ ਰਾਜ ਸਰਕਾਰ ਵੱਲੋਂ ਖਰਚੇ ਜਾ ਰਹੇ ਹਨ 8.50 ਕਰੋੜ ਰੁਪਏ
ਚੇਅਰਮੈਨ ਰਮਨ ਬਹਿਲ ਨੇ ਜੱਚਾ-ਬੱਚਾ ਵਾਰਡ ਦੀ ਉਸਾਰੀ ਦਾ ਲਿਆ ਜਾਇਜਾ
ਗੁਰਦਾਸਪੁਰ, 20 ਮਾਰਚ 2023 (ਮੰਨਣ ਸੈਣੀ)। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਤਹਿਤ ਗੁਰਦਾਸਪੁਰ ਸ਼ਹਿਰ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਵੱਲੋਂ ਜ਼ਿਲ਼੍ਹਾ ਹਸਪਤਾਲ ਗੁਰਦਾਸਪੁਰ ਵਿਖੇ 8.50 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਜੱਚਾ-ਬੱਚਾ ਵਾਰਡ ਦੀ ਉਸਾਰੀ ਕੀਤੀ ਜਾ ਰਹੀ ਹੈ। ਜੱਚਾ-ਬੱਚਾ ਵਾਰਡ ਦੀ ਉਸਾਰੀ ਕਾਰਜ ਦਾ ਜਾਇਜਾ ਲੈਣ ਲਈ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਵਾਰਡ ਦੀ ਉਸਾਰੀ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਸਮੇਤ ਪੂਰੇ ਇਲਾਕੇ ਦੇ ਵਸਨੀਕਾਂ ਨੂੰ ਇਸਦਾ ਲਾਭ ਪਹੁੰਚ ਸਕੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਮਨ ਬਹਿਲ ਨੇ ਦੱਸਿਆ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਨ੍ਹਾਂ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਜ਼ਿਲ੍ਹਾ ਹਸਪਤਾਲ ਵਿਖੇ 50 ਬੈੱਡ ਦਾ ਨਵਾਂ ਜੱਚਾ-ਬੱਚਾ ਵਾਰਡ ਬਣਾਇਆ ਜਾ ਰਿਹਾ ਹੈ। ਇਹ ਵਾਰਡ ਅਤਿ ਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ ਹੋਵੇਗਾ ਜੋ ਕਰੀਬ 8.50 ਕਰੋੜ ਦੀ ਲਾਗਤ ਨਾਲ ਦਸੰਬਰ 2023 ਤੱਕ ਬਣ ਜਾਵੇਗਾ ਅਤੇ ਇਸ ਖੇਤਰ ਦੇ ਲੋਕਾਂ ਨੂੰ ਸਮਰਪਤ ਹੋਵੇਗਾ।
ਸ੍ਰੀ ਬਹਿਲ ਨੇ ਦੱਸਿਆ ਕਿ ਇਸ ਜੱਚਾ-ਬੱਚਾ ਵਾਰਡ ਵਿਚ ਦੋ ਤਰਾਂ ਦੇ ਆਪਰੇਸ਼ਨ ਥੀਏਟਰ, ਦੋ ਤਰਾਂ ਦੇ ਲੇਬਰ ਰੂਮ, ਸਿਕਨਿਉਨੇਟਲ ਕੇਅਰ ਯੂਨਿਟ, ਨਰਸਰੀ, ਆਧੁਨਿਕ ਸਹੂਲਤਾਂ ਵਾਲੇ ਟੈਸਟ ਉਪਲਬਧ ਹੋਣਗੇ। ਇਸ ਦੇ ਨਾਲ ਹੀ 36 ਹਜਾਰ ਸਕੇਅਰ ਫੁੱਟ ਦਾ ਤਿੰਨ ਮੰਜ਼ਿਲਾ ਵਾਰਡ ਵਿਚ ਗਰਭਵਤੀ ਮਾਵਾਂ ਅਤੇ ਨਵਜਾਤ ਬੱਚਿਆਂ ਨੂੰ ਇਲਾਜ ਦੀ ਅਜਿਹੀ ਬੇਮਿਸਾਲ ਸਿਹਤ ਸਹੂਲਤਾਂ ਦੇਵੇਗਾ ਕਿ ਲੋਕਾਂ ਨੂੰ ਹੁਣ ਇਲਾਜ ਲਈ ਅੰਮ੍ਰਿਤਸਰ ਜਾਂ ਜਲੰਧਰ ਵਰਗੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਚਿੰਤਾ ਜ਼ਾਹਿਰ ਕਰਦਿਆਂ ਦੱਸਿਆ ਕਿ ਭਾਰਤ ਵਿਚ 16 ਲੱਖ ਬੱਚੇ ਜਨਮ ਤੋਂ 5 ਸਾਲ ਤੱਕ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਪੂਰੀ ਦੂਨੀਆ ਵਿਚ ਹਰ ਸਾਲ ਜਿੰਨੀ ਗਰਭਵਤੀ ਮਾਵਾਂ ਦੀ ਮੌਤ ਹੁੰਦੀ ਹੈ ਉਨਾਂ ਵਿਚੋਂ 19 ਫੀਸਦੀ ਮੌਤਾਂ ਭਾਰਤ ਵਿਚ ਹੁੰਦੀਆਂ ਹਨ। ਇਸ ਲਈ ਪੰਜਾਬ ਸਰਕਾਰ ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ, ਜਿਸ ਤਹਿਤ ਹੀ ਗੁਰਦਾਸਪੁਰ ਵਿਚ ਜੱਚਾ-ਬੱਚਾ ਵਾਰਡ ਬਣ ਰਿਹਾ ਹੈ। ਉਨਾਂ ਦੱਸਿਆ ਇਕ ਗੁਰਦਾਸਪੁਰ ਵਿਚ ਅਰਬਨ ਸੀ.ਐੱਚ.ਸੀ ਦਾ ਕੰਮ ਵੀ ਸ਼ੁਰੂ ਹੋ ਚੁਕਾ ਹੈ ਅਤੇ ਜਲਦ ਹੀ ਇਹ ਸੀ.ਐੱਚ.ਸੀ. ਵੀ ਵਧੀਆ ਸਿਹਤ ਸਹੂਲਤਾਂ ਦੇਵੇਗੀ। ਇਸ ਮੌਕੇ ਸ੍ਰੀ ਬਹਿਲ ਦੇ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ, ਐਕਸੀਅਨ ਸੁਖਚੈਨ ਸਿੰਘ, ਅੱੈਸ.ਐੱਮ.ਓ. ਡਾ. ਚੇਤਨਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।