74ਵੇਂ ਗਣਤੰਤਰ ਦਿਵਸ ਸਮਾਗਮ ਲਈ ਤਿਆਰੀਆਂ ਮੁਕੰਮਲ- ਸਾਕਸ਼ੀ ਸਾਹਨੀ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਲਹਿਰਾਉਣਗੇ ਪਟਿਆਲਾ ਵਿਖੇ ਤਿਰੰਗਾ
ਗਣਤੰਤਰ ਦਿਵਸ ਸਬੰਧੀ ਫੁੱਲ ਡਰੈਸ ਰਿਹਰਸਲ ਹੋਈ
ਪਟਿਆਲਾ, 24 ਜਨਵਰੀ (ਦੀ ਪੰਜਾਬ ਵਾਇਰ)। 26 ਜਨਵਰੀ 2023 ਨੂੰਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ਦੇਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਫੁੱਲ ਡਰੈਸ ਰਿਹਰਸਲ ਹੋਈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਸ.ਐਸ.ਪੀ. ਵਰੁਣ ਸ਼ਰਮਾ ਨਾਲ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗਾਂ ਦੇ ਮੰਤਰੀ ਡਾ. ਬਲਜੀਤ ਕੌਰ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਦਾ ਨਿਰੀਖਣ ਕਰਨ ਬਾਅਦ ਜ਼ਿਲ੍ਹਾ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਪਰੇਡ ਵਿੱਚ 10 ਟੁਕੜੀਆਂ ਹਿੱਸਾ ਲੈਣਗੀਆਂ, ਜਿਹਨਾਂ ‘ਚੋਂ ਦੋ ਟੁਕੜੀਆਂ ਜ਼ਿਲ੍ਹਾ ਪੁਲਿਸ ਦੇ ਪੁਰਸ਼ਾਂ ਦੀਆਂ ਤੇ ਇੱਕ ਟੁਕੜੀ ਮਹਿਲਾ ਵਿੰਗ ਤੇ ਹੋਮ ਗਾਰਡਜ਼ ਦੀ ਇੱਕ ਟੁਕੜੀ ਸਮੇਤ ਐਨ.ਸੀ.ਸੀ. ਏਅਰ ਵਿੰਗ, ਐਨ.ਸੀ.ਸੀ. ਆਰਮੀ ਵਿੰਗ, ਐਨ.ਸੀ.ਸੀ. ਗਰਲਜ਼ ਬਟਾਲੀਅਨ, ਸਕਾਊਟਸ ਤੇ ਗਰਲ ਗਾਇਡ, ਰੈਡ ਕਰਾਸ ਸੈਂਟ ਜੋਨ ਐਂਬੂਲੈਂਸ ਬ੍ਰਿਗੇਡ ਅਤੇ ਫਸਟ ਆਈ.ਆਰ.ਬੀ. ਪਟਿਆਲਾਦਾ ਪਾਈਪ ਬੈਂਡਸ਼ਾਮਲ ਹੋਵੇਗਾ। ਪਰੇਡ ਦੀ ਅਗਵਾਈ ਪਰੇਡ ਕਮਾਂਡਰ ਡੀ.ਐਸ.ਪੀ. ਸਮਾਣਾ ਸੌਰਵ ਜਿੰਦਲ ਕਰਨਗੇ।
ਸਾਕਸ਼ੀ ਸਾਹਨੀ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਪਹਿਲੀ ਵਾਰ ਵਾਣੀ ਇੰਟੈਗ੍ਰੇਟਿਡ ਸਕੂਲ ਫਾਰ ਡੈਫ ਅਤੇ ਡੈਫ ਸਕੂਲ ਸੈਫਦੀਪੁਰ ਦੇ ਵਿਦਿਆਰਥੀ ਪਟਿਆਲਾ ਐਸੋਸੀਏਸ਼ਨ ਆਫ਼ ਡੈਫ ਦੀ ਅਰਸ਼ਨੂਰ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਗਾਨ ਨੂੰ ਸੰਕੇਤ ਭਾਸ਼ਾ ਵਿੱਚ ਵੀ ਗਾਉਣਗੇ। ਜਦਕਿ ਇਸ ਦੌਰਾਨ ਮੋਟਰਸਾਇਕਲਾਂ ਦੇ ਕਰਤੱਬ, ਖਿਡਾਰੀਆਂ ਦੀ ਆਰਟਿਸਟਿਕ ਜਿਮਨਾਸਟਿਕ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਵੀ ਸ਼ਾਮਲ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਸਮੇਤ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ। ਕੈਬਨਿਟ ਮੰਤਰੀ ਵੱਲੋਂ ਦੇਸ਼ ਦੇ ਆਜ਼ਾਦੀ ਸੰਗਰਾਮ ‘ਚ ਹਿੱਸਾ ਲੈਣ ਵਾਲੇ ਸੁਤੰਤਰਤਾ ਸੰਗਰਾਮੀ ਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਸਮੇਤ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂਦੱਸਿਆ ਕਿ ਇਸ ਸਾਰੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਸਮਾਗਮਾਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਤੇ ਈਸ਼ਾ ਸਿੰਗਲ, ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ਼ ਆਲਮ, ਐਸ.ਪੀ ਸਥਾਨਕ ਹਰਵੰਤ ਕੌਰ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।