Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਲੰਪੀ ਸਕਿਨ ਬੀਮਾਰੀ ਕਾਰਨ ਮਰ ਗਏ ਪਸ਼ੂਆਂ ਦੀਆਂ ਲਾਸ਼ਾਂ ਦੇ ਨਿਪਟਾਰੇ ਸਬੰਧੀ ਐਡਵਾਈਜ਼ਰੀ ਜਾਰੀ

ਲੰਪੀ ਸਕਿਨ ਬੀਮਾਰੀ ਕਾਰਨ ਮਰ ਗਏ ਪਸ਼ੂਆਂ ਦੀਆਂ ਲਾਸ਼ਾਂ ਦੇ ਨਿਪਟਾਰੇ ਸਬੰਧੀ ਐਡਵਾਈਜ਼ਰੀ ਜਾਰੀ
  • PublishedAugust 20, 2022

ਡਿਪਟੀ ਕਮਿਸ਼ਨਰ ਨੇ ਜਾਰੀ ਐਡਵਾਈਜ਼ਰੀ ਨੂੰ ਯਕੀਨੀ ਬਣਾਉਣ ਸਬੰਧੀ ਜਾਰੀ ਕੀਤੇ ਹੁਕਮ

ਗੁਰਦਾਸਪੁਰ, 20 ਅਗਸਤ ( ਮੰਨਣ ਸੈਣੀ ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵਲੋਂ ਲੰਪੀ ਸਕਿਨ ਬੀਮਾਰੀ ਕਾਰਨ ਮਾਰੇ ਗਏ ਪਸ਼ੂਆਂ ਦੀਆਂ ਲਾਸ਼ਾਂ ਦੇ ਨਿਪਟਾਰੇ ਸਬੰਧੀ ਜਾਰੀ ਐਡਵਾਈਜ਼ਰੀ ਨੂੰ ਜ਼ਿਲ੍ਹੇ ਵਿਚ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਵਿਚ ਸੂਬੇ ਵਿਚ ਪਸ਼ੂਆਂ ਦੀ ਲੰਪੀ ਸਕਿਨ ਬੀਮਾਰੀ ਕਾਰਨ ਕਾਫ਼ੀ ਮੌਤਾਂ ਹੋ ਰਹੀਆਂ ਹਨ, ਇਸ ਲਈ ਜੈਵ ਸੁਰੱਖਿਆ ਉਪਾਅ ਤਹਿਤ ਲੰਪੀ ਸਕਿਨ ਬੀਮਾਰੀ ਵਿਚ ਮਾਰੇ ਗਏ ਪਸ਼ੂਆਂ ਦੀਆਂ ਲਾਸ਼ਾਂ ਦੇ ਨਿਪਟਾਰੇ ਲਈ ਜਾਰੀ ਕੀਤੀ ਗਈ ਐਡਵਾਈਜ਼ਰੀ ਤੇ ਗਾਈਡਲਾਈਨ ਨੂੰ ਅਪਨਾਉਣ ਦੀ ਜ਼ਰੂਰਤ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਲੰਪੀ ਸਕਿਨ ਬੀਮਾਰੀ ਨਾਲ ਮਾਰੇ ਗਏ ਪਸ਼ੂਆਂ ਦੀਆਂ ਲਾਸ਼ਾਂ ਦੇ ਨਿਪਟਾਰੇ ਦਾ ਸਭ ਤੋਂ ਵਧੀਆ ਤਰੀਕਾ ਲਾਸ਼ ਨੂੰ ਟੋਏ ਵਿਚ ਦਬਾਉਣਾ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਟੋਏ ਵਿਚ ਦਬਾਉਣ ਤੋਂ ਪਹਿਲਾਂ ਕੁਝ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਜ਼ਰੂਰੀ ਗੱਲ ਹੈ ਕਿ ਜਿਥੇ ਪਸ਼ੂਆ ਨੂੰ ਦਬਾਉਣ ਲਈ ਟੋਏ ਪੁੱਟਿਆ ਗਿਆ ਹੈ, ਉਹ ਖੇਤਰ ਆਬਾਦੀ ਤੇ ਪਾਣੀ ਦੇ ਸਰੋਤ ਤੋਂ ਘੱਟ ਤੋਂ ਘੱਟ 250 ਮੀਟਰ ਦੀ ਦੂਰੀ ’ਤੇ ਹੋਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਦਬਾਉਣ ਲਈ ਪੁੱਟਿਆ ਗਿਆ ਟੋਇਆ ਪਾਣੀ ਦੇ ਪੱਧਰ ਤੋਂ 4-6 ਫੁੱਟ ਉਚਾ ਹੋਣਾ ਚਾਹੀਦਾ ਹੈ ਅਤੇ ਇਹ ਥੱਲੇ ਟੋਏ ਜਾਂ ਹੜ੍ਹ ਵਾਲੇ ਖੇਤਰ ਵਿਚ ਨਹੀਂ ਹੋਣਾ ਚਾਹੀਦਾ।

ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਪਸ਼ੂਆਂ ਨੂੰ ਦਬਾਉਣ ਲਈ ਪੁੱਟੇ ਗਏ ਟੋਏ ਦਾ ਆਕਾਰ ਪਸ਼ੂ ਦੇ ਆਕਾਰ ਤੋਂ ਵੱਡਾ ਹੋਣਾ ਚਾਹੀਦਾ ਹੈ, ਤਾਂ ਜੋ ਪਸ਼ੂ ਦੀ ਲਾਸ਼ ਦੇ ਸਾਰੇ ਹਿੱਸੇ ਪੂਰੀ ਤਰ੍ਹਾਂ ਅੰਦਰ ਆ ਸਕਣ ਅਤੇ ਉਸ ਨੂੰ ਦਬਾਉਣ ਤੋਂ ਬਾਅਦ ਟੋਏ ਨੂੰ ਢੱਕਣ ਲਈ ਘੱਟ ਤੋਂ ਘੱਟ 3 ਫੁੱਟ ਮਿੱਟੀ ਉਪਰ ਪਾਈ ਜਾਵੇ। ਉਨ੍ਹਾਂ ਦੱਸਿਆ ਕਿ ਇਕ ਔਸਤ ਆਕਾਰ ਦੇ ਬਾਲਗ ਜਾਨਵਰ ਲਈ ਘੱਟ ਤੋਂ ਘੱਟ 8-7-6 ਫੁੱਟ ਸਟੈਂਡਰਡ ਸਾਈਜ ਦਾ ਟੋਇਆ ਪੁੱਟਿਆ ਜਾਵੇ, ਫਿਰ ਵੀ ਟੋਏ ਦੇ ਆਕਾਰ ਸਬੰਧੀ ਫੈਸਲਾ ਜਾਨਵਰ ਦੇ ਸਰੀਰ ਦੇ ਆਕਾਰ ਅਨੁਸਾਰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਸ਼ੂਆਂ ਦੀਆਂ ਲਾਸ਼ਾਂ ਦੇ ਥੱਲੇ ਤੇ ਉਪਰ ਘੱਟ ਤੋਂ ਘੱਟ 2 ਇੰਚ ਚੂਨੇ ਦੀ ਪਰਤ ਹੋਣੀ ਜ਼ਰੂਰੀ ਹੈ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਉਕਤ ਬੀਮਾਰੀ ਨਾਲ ਮਰੇ ਪਸ਼ੂਆਂ ਦੀਆਂ ਲਾਸ਼ਾਂ ਨੂੰ ਦਬਾਉਣ ਸਬੰਧੀ ਜੇ.ਸੀ.ਬੀ. ਮਸ਼ੀਨ ਦਾ ਪ੍ਰਬੰਧਨ ਕਰਨ ਲਈ ਸ਼ਹਿਰੀ ਖੇਤਰਾਂ ਵਿਚ ਸਬੰਧਤ ਕਾਰਜਕਾਰੀ ਅਧਿਕਾਰੀ ਤੇ ਪੇਂਡੂ ਖੇਤਰਾਂ ਵਿਚ ਸਬੰਧਤ ਬੀ.ਡੀ.ਪੀ.ਓਜ਼ ਨਾਲ ਤਾਲਮੇਲ ਬਣਾ ਕੇ ਜ਼ਰੂਰੀ ਕਾਰਵਾਈ ਕਰਨ।   

Written By
The Punjab Wire