ਭਾਜਪਾ ਵਿੱਚ ਸ਼ਾਮਿਲ ਹੋਏ ਗ੍ਰੇਟ ਖਲੀ, ਕੇਜਰੀਵਾਲ ਨੂੰ ਮਿਲਣ ਤੋਂ ਬਾਅਦ ਸ਼ੁਰੂ ਹੋਈ ਸੀ ਸਿਆਸਤ ‘ਚ ਆਉਣ ਦੀ ਚਰਚਾ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, WWE ਪਹਿਲਵਾਨ ਦਿ ਗ੍ਰੇਟ ਖਲੀ ਉਰਫ਼ ਦਿਲੀਪ ਸਿੰਘ ਰਾਣਾ ਵੀਰਵਾਰ ਨੂੰ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਪਿਛਲੇ ਸਾਲ ਗ੍ਰੇਟ ਖਲੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਸਿਆਸੀ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ। ਕਿਆਸ ਲਗਾਏ ਜਾ ਰਹੇ ਸਨ ਕਿ ਉਹ ਪੰਜਾਬ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਵੀਰਵਾਰ ਨੂੰ ਉਹ ਭਾਜਪਾ ‘ਚ ਸ਼ਾਮਲ ਹੋ ਗਏ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫੇਸਬੁੱਕ ‘ਤੇ ਮੁਲਾਕਾਤ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਦਿ ਗ੍ਰੇਟ ਖਲੀ ਨੂੰ ਦਿੱਲੀ ਦੇ ਬਿਜਲੀ, ਪਾਣੀ, ਸਕੂਲ ਅਤੇ ਹਸਪਤਾਲ ‘ਚ ਕੀਤੇ ਗਏ ਕੰਮ ਨੂੰ ਪਸੰਦ ਆਇਆ। ਉਨ੍ਹਾਂ ਇਹ ਵੀ ਲਿਖਿਆ ਕਿ ਹੁਣ ਇਹ ਕੰਮ ਪੰਜਾਬ ਵਿੱਚ ਵੀ ਕਰਨਾ ਪਵੇਗਾ। ਅਸੀਂ ਮਿਲ ਕੇ ਬਦਲਾਂਗੇ ਪੰਜਾਬ ਨੂੰ।
ਗ੍ਰੇਟ ਖਲੀ ਜ਼ਿਲ੍ਹਾ ਸਿਰਮੌਰ ਦੇ ਨੈਣੀਧਰ ਦਾ ਰਹਿਣ ਵਾਲਾ ਹੈ। ਡਬਲਯੂਡਬਲਯੂਈ ਰਿੰਗ ਤੋਂ ਵਾਪਸੀ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਪੰਜਾਬ ‘ਚ ਰਹਿ ਰਹੇ ਹਨ। ਖਲੀ ਦੀ ਪੰਜਾਬ ‘ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਹਾਲਾਂਕਿ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਖਲੀ ਨੇ ਕਿਹਾ ਸੀ ਕਿ ਫਿਲਹਾਲ ਅਜਿਹਾ ਕੋਈ ਵਿਚਾਰ ਨਹੀਂ ਹੈ।
ਪਹਿਲਵਾਨ ਦਿਲੀਪ ਸਿੰਘ ਰਾਣਾ ਉਰਫ ਦ ਗ੍ਰੇਟ ਖਲੀ ਨੇ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਕਿਹਾ ਸੀ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਉਹ ਦੇਸ਼ ਦੇ ਹਰ ਕਿਸਾਨ ਦੇ ਨਾਲ ਖੜ੍ਹੇ ਹਨ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਸੜਕਾਂ ‘ਤੇ ਆ ਰਹੇ ਹਨ। ਜੇਕਰ ਕਿਸਾਨਾਂ ‘ਤੇ ਜ਼ਬਰਦਸਤੀ ਕੋਈ ਆਰਡੀਨੈਂਸ ਥੋਪਿਆ ਗਿਆ ਤਾਂ ਇਸੇ ਤਰ੍ਹਾਂ ਦੇ ਧਰਨੇ ਅਤੇ ਮੁਜ਼ਾਹਰੇ ਕੀਤੇ ਜਾਣਗੇ। ਦਲੀਪ ਸਿੰਘ ਰਾਣਾ ਨੇ ਕਿਹਾ ਸੀ ਕਿ ਮੈਂ ਕਿਸਾਨ ਦਾ ਪੁੱਤਰ ਹਾਂ। ਮੈਂ ਕਿਸਾਨਾਂ ਦੇ ਸੰਘਰਸ਼ ਅਤੇ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹਾਂ। ਕੇਂਦਰ ਸਰਕਾਰ ਨੂੰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ।