ਕੋਵਿਡ ਦੇ ਕੁੱਲ ਪਾਜ਼ਟਿਵ ਕੇਸਾਂ ਵਿੱਚ 21 ਤੋਂ 40 ਸਾਲ ਉਮਰ ਵਰਗ ਦੇ 47 ਫੀਸਦੀ ਨੌਜਵਾਨ ਪਾਜ਼ਟਿਵ
ਬਟਾਲਾ, 4 ਸਤੰਬਰ – ਕੋਵਿਡ-19 ਵਾਇਰਸ ਨੌਜਵਾਨ ਵਰਗ ਨੂੰ ਸਭ ਤੋਂ ਵੱਧ ਆਪਣੀ ਗ੍ਰਿਫ਼ਤ ਵਿੱਚ ਲੈ ਰਿਹਾ ਹੈ ਅਤੇ ਹੁਣ ਤੱਕ ਜਿਨ੍ਹੇ ਵੀ ਕੋਵਿਡ-19 ਦੇ ਪਾਜ਼ਟਿਵ ਕੇਸ ਆਏ ਹਨ ਉਨ੍ਹਾਂ ਵਿੱਚ 47 ਫੀਸਦੀ ਕੇਸ 21 ਤੋਂ 40 ਸਾਲ ਤੱਕ ਦੇ ਨੌਜਵਾਨ ਵਰਗ ਦੇ ਹਨ। ਸਿਹਤ ਵਿਭਾਗ ਵਲੋਂ ਕੋਵਿਡ-19 ਬਾਰੇ ਕੀਤੇ ਜਾ ਰਹੇ ਅਧਿਅਨ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਏਨੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਕੋਵਿਡ-19 ਪਾਜ਼ਟਿਵ ਹੋਣਾ ਇਸ ਗਲੋਂ ਵੀ ਚਿੰਤਤ ਹੈ ਕਿਉਂਕਿ ਨੌਜਵਾਨਾਂ ਵਿੱਚ ਕੋਰੋਨਾ ਦਾ ਲੱਛਣ ਬਹੁਤ ਘੱਟ ਆਉਂਦਾ ਹੈ ਅਤੇ ਉਹ ਅਣਜਾਣੇ ਵਿੱਚ ਅੱਗੋਂ ਕਈ ਲੋਕਾਂ ਤੱਕ ਕੋਵਿਡ-19 ਦਾ ਵਾਇਰਸ ਫੈਲਾਅ ਦਿੰਦੇ ਹਨ।
ਚੇਅਰਮੈਨ ਸ. ਚੀਮਾ ਨੇ ਦੱਸਿਆ ਕਿ ਕੁੱਲ ਪਾਜ਼ਟਿਵ ਕੇਸਾਂ ਵਿੱਚ 11 ਫੀਸਦੀ ਮਰੀਜ਼ 61 ਤੋਂ 70 ਸਾਲ ਉੱਪਰ ਵਰਗ ਦੇ ਹਨ ਜਦਕਿ 70 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਦੀ ਕੋਰੋਨਾ ਪਾਜ਼ਟਿਵ 16 ਫੀਸਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਧਿਅਨ ਵਿੱਚ ਸਾਹਮਣੇ ਆਇਆ ਹੈ ਕਿ ਕੋਵਿਡ-19 ਪਾਜ਼ਟਿਵ ਨੌਜਵਾਨਾਂ ਦੇ ਸੰਪਰਕ ਵਿੱਚ ਆਉਣ ਕਾਰਨ ਹੀ ਬਜ਼ੁਰਗਾਂ ਤੇ ਬੱਚਿਆਂ ਨੂੰ ਕੋਰੋਨਾ ਵਾਇਰਸ ਹੋ ਰਿਹਾ ਹੈ, ਜਦਕਿ ਬਜ਼ੁਰਗ ਅਤੇ ਬੱਚੇ ਘਰ ਤੋਂ ਜਿਆਦਾ ਬਾਹਰ ਵੀ ਨਹੀਂ ਜਾਂਦੇ। ਉਨ੍ਹਾਂ ਕਿਹਾ ਕਿ ਚਾਹੇ ਕੋਰੋਨਾ ਵਾਇਰਸ ਨੌਜਵਾਨਾਂ ਉੱਪਰ ਘੱਟ ਅਸਰ ਕਰਦਾ ਹੈ ਪਰ ਉਨ੍ਹਾਂ ਦੇ ਰਾਹੀਂ ਬਜ਼ੁਰਗਾਂ ਅਤੇ ਬੱਚਿਆਂ ਤੱਕ ਪਹੁੰਚਿਆ ਇਹ ਵਾਇਰਸ ਖਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਸੁਝਾਈਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ।
ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਮਿਸ਼ਨ ਫ਼ਤਹਿ ਤਹਿਤ ਕੋਵਿਡ-19 ਨੂੰ ਹਰਾਉਣ ਲਈ ਯਤਨ ਜਾਰੀ ਹਨ ਅਤੇ ਸੂਬਾ ਵਾਸੀਆਂ ਦੇ ਸਹਿਯੋਗ ਸਦਕਾ ਨਿਸ਼ਚੇ ਹੀ ਕੋਵਿਡ-19 ਉੱਪਰ ਫ਼ਤਹਿ ਹਾਸਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਟੈਸਟਿੰਗ ਦੀ ਸੰਖਿਆ ਵਧਾਈ ਗਈ ਹੈ ਤਾਂ ਜੋ ਸਮੇਂ ਸਿਰ ਕੋਰੋਨਾ ਪ੍ਰਭਾਵਤ ਮਰੀਜ਼ਾਂ ਦਾ ਪਤਾ ਲਗਾ ਕੇ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਰਾਜ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦਾ ਟੈਸਟ ਕਰਾਉਣ ਵਿੱਚ ਸਹਿਯੋਗ ਦੇਣ ਅਤੇ ਨਾਲ ਹੀ ਸੂਬਾ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ।