ਕੇਜਰੀਵਾਲ ਵੱਲੋਂ ਆਪ ਵਰਕਰਾਂ ਨੂੰ ਸੂਬੇ ਦੇ ਪਿੰਡਾਂ ‘ਚ ਲੋਕਾਂ ਦੀ ਆਕਸੀਜਨ ਦਾ ਪੱਧਰ ਜਾਂਚਣ ਲਈ ਕਹਿਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਨੂੰ ਪੰਜਾਬ ਤੋਂ ਦੂਰ ਰਹਿਣ ਦੀ ਨਸੀਹਤ

ਕਿਹਾ, ਦਿੱਲੀ ਦੇ ਮੁੱਖ ਮੰਤਰੀ ਦਾ ਐਲਾਨ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਿਸੇ ਵੱਡੀ ਸਾਜਿਸ਼ ਵਿੱਚ ਆਪ ਦੀ ਭੂਮਿਕਾ ਸਬੰਧੀ ਸਵਾਲੀਆ ਨਿਸ਼ਾਨ ਲਾਉਣ ਵਾਲਾ

ਕੋਵਿਡ ਦੇ ਨਕਲੀ ਵੀਡਿਓ ਸਬੰਧੀ ਗ੍ਰਿਫਤਾਰ ਆਪ ਵਰਕਰ ਦੇ ਪਿਛੋਕੜ ਦਾ ਪਤਾ ਲਾਉਣ ਤੇ ਪੈਸੇ ਦੀ ਪੇਸ਼ਕਸ਼ ਬਾਰੇ ਪੱਤਰਕਾਰ ਵੱਲੋਂ ਦਰਜ ਸ਼ਿਕਾਇਤ ਦੀ ਗਹਿਰਾਈ ਨਾਲ ਜਾਂਚ ਦੇ ਡੀ.ਜੀ.ਪੀ. ਨੂੰ ਹੁਕਮ

ਚੰਡੀਗੜ੍ਹ, 3 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਪਿੰਡਾਂ ਵਿੱਚ ਕੋਵਿਡ ਸੰਕਟ ਦੇ ਨਾਂ ‘ਤੇ ਲੋਕਾਂ ਨੂੰ ਭੜਕਾਉਣ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ ਜਿੱਥੇ ਕਿ ਵੱਡੀ ਗਿਣਤੀ ਵਿੱਚ ਝੂਠੀਆਂ ਖ਼ਬਰਾਂ ਅਤੇ ਭੜਕਾਊ ਵੀਡੀਓਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇਕ ਵਿਦੇਸ਼ਾਂ ਤੋਂ ਸੰਭਾਵੀ ਤੌਰ ‘ਤੇ ਪਾਕਿਸਤਾਨ ਤੋਂ ਉਪਜਿਆ ਹੈ ਅਤੇ ਜਿਨ੍ਹਾਂ ਦਾ ਪ੍ਰਚਾਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਇਕ ਸਰਗਰਮ ਵਰਕਰ ਵੱਲੋਂ ਕੀਤਾ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਦੇ ਵਰਕਰ ਅਮਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸ ਨੇ ਉਸ ਨੂੰ ਇਕ ਲਾਸ਼ ਸਬੰਧੀ ਪੋਸਟ ਨੂੰ ਚਾਰੇ ਪਾਸੇ ਫੈਲਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਮ੍ਰਿਤਕ ਕੋਰੋਨਾ ਮਰੀਜ਼ਾਂ ਦੇ ਅੰਗ ਪੰਜਾਬ ਸਿਹਤ ਵਿਭਾਗ ਦੁਆਰਾ ਕੱਢੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਪ ਵਰਕਰ ਦੁਆਰਾ ਪ੍ਰਚਾਰਿਤ ਕੀਤੀ ਜਾ ਰਹੀ ਵੀਡੀਓ/ਪੋਸਟ ਵਿੱਚ ਲੋਕਾਂ ਨੂੰ ਸਿਹਤ ਅਥਾਰਟੀਆਂ ਨਾਲ ਸਹਿਯੋਗ ਨਾ ਕਰਨ ਲਈ ਭੜਕਾਇਆ ਜਾ ਰਿਹਾ ਹੈ ਜਿਸ ਨਾਲ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਵੱਡਾ ਖ਼ਤਰਾ ਦਰਪੇਸ਼ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਨਾਲ ਇਕ ਭਾਈਚਾਰੇ ਦੇ ਲੋਕਾਂ ਨੂੰ ਜ਼ਰੂਰੀ ਸਿਹਤ ਸੁਵਿਧਾਵਾਂ ਲੈਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ ਜੋ ਸੁਵਿਧਾਵਾਂ ਕੋਵਿਡ ਨਾਲ ਪੀੜਤ ਸਾਰੇ ਨਾਗਰਿਕਾਂ ਨੂੰ ਮੁਹੱਈਆ ਕਰਵਾਏ ਜਾਣ ਦੀ ਲੋੜ ਹੈ। ਇਹ ਸਾਫ਼ ਤੌਰ ‘ਤੇ ਸੂਬੇ ਦੇ ਲੋਕਾਂ ਜੋ ਕਿ ਪਹਿਲਾਂ ਹੀ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ, ਖ਼ਿਲਾਫ਼ ਇਕ ਮਾਰੂ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਹੈ।

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਹਿੱਤਾਂ ਦੇ ਵਿਰੋਧੀ ਗੈਰ-ਸਮਾਜਿਕ ਤੱਤਾਂ ਵੱਲੋਂ ਵਿੱਢੀ ਜਾ ਰਹੀ ਇਕ ਵੱਡੀ ਯੋਜਨਾ ਦਾ ਇਹ ਸਭ ਸੂਚਕ ਹੈ ਅਤੇ ਵੀਰਵਾਰ ਨੂੰ ਪੁਲਿਸ ਨੇ ਥਾਣਾ ਸਿਵਲ ਲਾਈਨਜ਼, ਪਟਿਆਲਾ ਵਿਖੇ ਇਕ ਸਥਾਨਕ ਮੈਡੀਕਲ ਪੱਤਰਕਾਰ ਜਿਸ ਨੂੰ ਕਿ ਕੋਵਿਡ ਸਬੰਧੀ ਇਕ ਨਕਲੀ ਵੀਡੀਓ ਬਣਾਉਣ ਅਤੇ ਪ੍ਰਚਾਰਿਤ ਕਰਨ ਲਈ 100 ਡਾਲਰ ਦੀ ਪੇਸ਼ਕਸ਼ ਹੋਈ ਸੀ, ਦੀ ਸ਼ਿਕਾਇਤ ‘ਤੇ ਇਕ ਹੋਰ ਕੇਸ (ਐਫ.ਆਈ.ਆਰ. ਨੰ:238) ਦਰਜ ਕੀਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਬੇਹਦ ਮੰਦਭਾਗੀ ਵੀਡੀਓ ਪ੍ਰਚਾਰ ਮੁਹਿੰਮ ਜਿਸ ਵਿੱਚ ਆਪ ਦੇ ਵਰਕਰਾਂ ਨੂੰ ਪੰਜਾਬ ਦੇ ਪਿੰਡਾਂ ਅਤੇ ਗਲੀਆਂ ਵਿੱਚ ਜਾ ਕੇ ਔਕਸੀਮੀਟਰਾਂ ਨਾਲ ਲੋਕਾਂ ਦੇ ਆਕਸੀਜਨ ਦਾ ਪੱਧਰ ਜਾਂਚਣ ਲਈ ਕਿਹਾ ਗਿਆ ਹੈ, ਆਪ ਵੱਲੋਂ ਪੰਜਾਬ ਸਰਕਾਰ ਦੇ ਇਸ ਮਹਾਂਮਾਰੀ ਨੂੰ ਠੱਲ੍ਹ ਪਾ ਕੇ ਸੂਬੇ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਖੋਰਾ ਲਾਉਣ ਸਬੰਧੀ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਫੈਸਲੇ ਨਾਲ ਪੰਜਾਬ ਦੀ ਸੁਰੱਖਿਆ ਤੇ ਅਖੰਡਤਾ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕੇਜਰੀਵਾਲ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਉਹ ਸਰਹੱਦ ਪਾਰ ਦੀਆਂ ਭਾਰਤ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਨਾ ਖੇਡੇ ਜੋ ਕੋਵਿਡ ਮਹਾਂਮਾਰੀ ਦੀ ਵਰਤੋਂ ਤਾਜ਼ਾ ਸੰਕਟ ਨੂੰ ਵਧਾਉਣ ਦੀਆਂ ਕੋਸ਼ਿਸ਼ ਲਈ ਕਰ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਤੋਂ ਦੂਰ ਹੀ ਰਹੇ ਅਤੇ ਆਪਣੇ ਸੂਬੇ ਵਿੱਚ ਕੋਵਿਡ ਨੂੰ ਕੰਟਰੋਲ ਕਰਨ ਦੇ ਪ੍ਰਬੰਧਨ ਉਤੇ ਧਿਆਨ ਕੇਂਦਰਿਤ ਕਰੇ ਜਿੱਥੇ ਕੱਲ੍ਹ 2500 ਨਵੇਂ ਕੇਸਾਂ ਦੇ ਪਾਜੇਟਿਵ ਪਾਏ ਜਾਣ ਨਾਲ ਸਥਿਤੀ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ ਅਤੇ ਹਸਪਤਾਲਾਂ ਵਿੱਚ ਆਈ.ਸੀ.ਯੂ. ਬੈਡ ਫੇਰ ਖਤਮ ਹੋ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਨੂੰ ਕਿਹਾ, ”ਸਾਨੂੰ ਤੁਹਾਡੇ ਔਕਸੀਮੀਟਰਾਂ ਦੀ ਜ਼ਰੂਰਤਾਂ ਨਹੀਂ। ਸਾਨੂੰ ਸਿਰਫ ਪੰਜਾਬ ਵਿੱਚ ਤੁਹਾਡੇ ਵਰਕਰਾਂ ‘ਤੇ ਲਗਾਮ ਲਗਾਉਣ ਦੀ ਲੋੜ ਹੈ ਜਿਹੜੇ ਮੇਰੇ ਲੋਕਾਂ ਨੂੰ ਹਸਪਤਾਲਾਂ ਵਿੱਚ ਕੋਵਿਡ ਟੈਸਟ ਕਰਵਾਉਣ ਅਤੇ ਇਲਾਜ ਨਾ ਕਰਵਾਉਣ ਲਈ ਭੜਕਾ ਰਹੇ ਹਨ।”
ਪੰਜਾਬ ਪੁਲਿਸ ਨੇ ਫਿਰੋਜ਼ਪੁਰ ਦੇ ਪੁਲਿਸ ਥਾਣਾ ਕੁੱਲਗੜੀ ਦੇ ਪਿੰਡ ਮਿਸ਼ਰੀਵਾਲਾ ਨਾਜੂ ਸ਼ਾਹ ਦੇ ਆਪ ਵਰਕਰ ਅਮਰਿੰਦਰ ਸਿੰਘ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਝੂਠੀ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਪੋਸਟ ਪਾਉਣ ਲਈ ਆਈ.ਟੀ. ਐਕਟ ਦੀ ਧਾਰਾ 66, 54 ਡੀ.ਐਮ.ਏ. ਅਤੇ 153 ਆਈ.ਪੀ.ਸੀ. ਤਹਿਤ ਗ੍ਰਿਫਤਾਰ ਕੀਤਾ ਹੈ। ਮੋਗਾ ਬੈਠ ਕੇ ਸਰਗਰਮੀ ਨਾਲ ਸੋਸ਼ਲ ਮੀਡੀਆ ਉਪਰ ਭੜਕਾਓ ਤੇ ਅਫਵਾਹਾਂ ਫੈਲਾਉਣ ਵਾਲੇ 31 ਵਰ੍ਹਿਆਂ ਦੇ ਅਮਰਿੰਦਰ ਵੱਲੋਂ ਪੋਸਟ ਕੀਤੀਆਂ ਤਸਵੀਰਾਂ ਤੇ ਵੀਡਿਓਜ਼ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਡਾਕਟਰ ਕੋਵਿਡ ਮਰੀਜ਼ਾਂ ਦੇ ਮਹੱਤਵਪੂਰਨ ਅੰਗਾਂ ਨੂੰ ਕੱਢ ਰਹੇ ਹਨ। ਪੋਸਟਾਂ/ਵੀਡਿਓਜ਼ ਵਿੱਚ ਲੋਕਾਂ ਨੂੰ ਭੜਕਾ ਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਸਹਿਯੋਗ ਨਾ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਇਹ ਝੂਠੀ ਅਫਵਾਹ ਫੈਲਾਈ ਜਾ ਰਹੀ ਹੈ ਕਿ ਸਿਹਤ ਵਿਭਾਗ ਵੱਲੋਂ ਮ੍ਰਿਤਕ ਕੋਰੋਨਾ ਮਰੀਜ਼ਾਂ ਦੇ ਸਰੀਰ ਦੇ ਅੰਗ ਕੱਢੇ ਜਾ ਰਹੇ ਹਨ।

ਇਸ ਤਰ੍ਹਾਂ ਸੂਬੇ ਦੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਇਹ ਪਤਾ ਲੱਗਿਆ ਹੈ ਕਿ ਅਮਰਿੰਦਰ ਸਿੰਘ ਆਪ ਦਾ ਸਰਗਰਮ ਵਰਕਰ ਹੈ ਅਤੇ ਫਿਰੋਜ਼ਪੁਰ ਵਿਧਾਨ ਸਭਾ ਹਲਕੇ ਤੋਂ ਆਪ ਪਾਰਟੀ ਦੀ ਐਮ.ਐਲ.ਏ. ਟਿਕਟ ਦਾ ਚਾਹਵਾਨ ਹੈ। ਉਹ ਆਪ ਦੀ ਤਰਫੋਂ ਰਾਜਸੀ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ ਅਤੇ ਪਾਰਟੀ ਵੱਲੋਂ ਧਰਨੇ, ਮੁਜਾਹਰਿਆਂ ਵਿੱਚ ਹਿੱਸਾ ਲੈਂਦਾ ਹੈ।

ਇਸੇ ਦੌਰਾਨ ਕੈਪਟਨ ਅਮਰਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਆਖਿਆ ਕਿ ਪੱਤਰਕਾਰ ਤਰੁਣੀ ਗਾਂਧੀ ਦੀ ਕੋਵਿਡ ਸੰਕਟ ‘ਤੇ ਜਾਅਲੀ ਵੀਡਿਓ ਫੈਲਾਉਣ ਲਈ ਪੈਸੇ ਦੀ ਪੇਸ਼ਕਸ਼ ਬਾਰੇ ਸ਼ਿਕਾਇਤ ਦੀ ਡੂੰਘਾਈ ਵਿੱਚ ਜਾਂਚ ਕੀਤੀ ਜਾਵੇ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਆਖਿਆ ਕਿ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿੰਨਾ ਨੇ ਇਹ ਜ਼ਾਲਮ ਮੁਹਿੰਮ ਵਿੱਢਦਿਆਂ ਪੰਜਾਬ ਦੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਹੋਇਆ ਹੈ।

Coronavirus Update (Live)

Coronavirus Update

error: Content is protected !!