Close

Recent Posts

ਕ੍ਰਾਇਮ ਪੰਜਾਬ

ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ‘ਤੇ ਹਮਲੇ ਦੀ ਜਾਂਚ ਲਈ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਐਸ.ਆਈ.ਟੀ. ਦਾ ਗਠਨ

ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ‘ਤੇ ਹਮਲੇ ਦੀ ਜਾਂਚ ਲਈ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਐਸ.ਆਈ.ਟੀ. ਦਾ ਗਠਨ
  • PublishedSeptember 1, 2020

ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ‘ਤੇ ਹਮਲੇ ਦੀ ਜਾਂਚ ਲਈ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਐਸ.ਆਈ.ਟੀ. ਦਾ ਗਠਨ

ਚੰਡੀਗੜ੍ਹ, 1 ਸਤੰਬਰ । ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਉਤੇ ਹੋਏ ਹਮਲੇ ਦੀ ਜਾਂਚ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਇਸ ਮਾਮਲੇ ਦੀ ਨਿੱਜੀ ਤੌਰ ‘ਤੇ ਨਿਗਰਾਨੀ ਰੱਖ ਰਹੇ ਹਨ, ਦੇ ਆਦੇਸ਼ਾਂ ‘ਤੇ ਡੀ.ਜੀ.ਪੀ. ਪੰਜਾਬ ਨੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾ ਦਿੱਤੀ ਹੈ।
ਅਸ਼ੋਕ ਕੁਮਾਰ ਜੋ ਕ੍ਰਿਕਟਰ ਸੁਰੇਸ਼ ਰੈਨਾ ਦੇ ਅੰਕਲ ਹਨ, ਮੌਕੇ ‘ਤੇ ਹੀ ਦਮ ਤੋੜ ਗਏ ਸਨ ਜਦੋਂ ਕਿ ਉਸ ਦਾ ਜ਼ਖਮੀ ਹੋਇਆ ਬੇਟਾ ਸੋਮਵਾਰ ਨੂੰ ਦਮ ਤੋੜ ਗਿਆ। ਤਿੰਨ ਹੋਰ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਅਸ਼ੋਕ ਕੁਮਾਰ ਦੀ ਪਤਨੀ ਆਸ਼ਾ ਰਾਣੀ ਇਸ ਵੇਲੇ ਨਾਜ਼ੁਕ ਹਾਲਤ ਵਿੱਚ ਹੈ।

ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਹਾਲਾਂਕਿ ਮੁੱਢਲੀ ਜਾਂਚ ਦੌਰਾਨ ਇਹ ਸੰਕੇਤ ਮਿਲੇ ਹਨ ਕਿ ਇਸ ਹਮਲੇ ਪਿੱਛੇ ਗੈਰ-ਅਧਿਸੂਚਿਤ ਜ਼ਰਾਇਮ ਕਬੀਲਿਆਂ ਦਾ ਹੱਥ ਹੈ ਜਿਨ੍ਹਾਂ ਨੂੰ ਅਕਸਰ ਹੀ ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ਦੇ ਨਾਲ ਅਜਿਹੀਆਂ ਵਾਰਦਾਤਾਂ ਕਰਦੇ ਦੇਖਿਆ ਜਾਂਦਾ ਹੈ ਪਰ ਫੇਰ ਵੀ ਐਸ.ਆਈ.ਟੀ. ਨੂੰ ਇਸ ਮਾਮਲੇ ਨਾਲ ਜੁੜੇ ਹਰ ਪੱਖ ਨੂੰ ਘੋਖਣ ਲਈ ਆਖਿਆ ਗਿਆ ਹੈ। ਇਸ ਮਾਮਲੇ ਦੀ ਦਿਨ-ਰਾਤ ਜਾਂਚ ਲਈ ਸੰਗਠਿਤ ਅਪਰਾਧ ਰੋਕੂ ਯੂਨਿਟ ਦੀਆਂ ਵਿਸ਼ੇਸ਼ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਸ ਤਰ੍ਹਾਂ ਦੇ ਅਪਰਾਧਾਂ ਵਿੱਚ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਅੰਤਰ-ਰਾਜੀ ਛਾਪੇਮਾਰੀ ਜਾਰੀ ਹੈ ਅਤੇ 35 ਤੋਂ ਵੱਧ ਸ਼ੱਕੀ ਵਿਅਕਤੀ ਨਿਗਰਾਨੀ ਹੇਠ ਹੈ। ਹਿਮਾਚਲ ਤੇ ਉਤਰ ਪ੍ਰਦੇਸ਼ ਦੇ ਕੁਝ ਵਿਅਕਤੀਆਂ ਦੀ ਸ਼ੱਕੀਆਂ ਵਜੋਂ ਸ਼ਨਾਖਤ ਹੋਈ ਹੈ ਅਤੇ ਉਨ੍ਹਾਂ ਦੇ ਮੋਬਾਈਲ ਨੰਬਰ ਅਤੇ ਟਿਕਾਣਿਆਂ ਦਾ ਪਤਾ ਲਾਇਆ ਜਾ ਰਿਹਾ ਹੈ। ਸਥਾਨਕ ਪੁਲਿਸ ਦੇ ਸਹਿਯੋਗ ਨਾਲ ਗੁਰਦਾਸਪੁਰ, ਤਰਨ ਤਾਰਨ ਤੇ ਅੰਮ੍ਰਿਤਸਰ ਵਿਖੇ ਵੀ ਛਾਪੇ ਮਾਰੇ ਗਏ ਹਨ।

ਡੀ.ਜੀ.ਪੀ. ਅਨੁਸਾਰ ਮ੍ਰਿਤਕ ਅਸ਼ੋਕ ਕੁਮਾਰ ਨਾਲ ਕੰਮ ਕਰਦੇ ਛੇ ਮਜ਼ਦੂਰਾਂ ਦੀ ਪੁੱਛਗਿੱਛ ਕੀਤੀ ਗਈ। ਅਪਰਾਧ ਵਾਲੀ ਜਗ੍ਹਾਂ ਅਤੇ ਨੇੜਲੇ ਸਥਾਨਾਂ ਦੇ ਟਾਵਰ ਡੰਪਸ ਲੈ ਕੇ ਸ਼ੱਕੀ ਹਰਕਤਾਂ ਨੂੰ ਦੇਖਣ ਲਈ ਤਕਨੀਕੀ ਵਿਸ਼ਲੇਸ਼ਣ ਲਈ ਭੇਜ ਦਿੱਤੇ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸ਼ੱਕੀ ਹਰਕਤ ਨੂੰ ਦੇਖਣ ਲਈ ਅਪਰਾਧ ਵਾਲੀ ਜਗ੍ਹਾਂ ਅਤੇ ਸੈਨਾ/ਬੀ.ਐਸ.ਐਫ. ਵਾਲੀ ਜਗ੍ਹਾਂ ਦੀ ਸੀ.ਸੀ.ਟੀ.ਵੀ. ਫੁਟੇਜ ਦੇਖੀ ਜਾ ਰਹੀ ਹੈ। ਜਾਂਚ ਵਿੱਚ ਇਹ ਵੀ ਸੰਕੇਤ ਮਿਲੇ ਹਨ ਕਿ ਅਪਰਾਧੀਆਂ ਵੱਲੋਂ ਗੁਆਂਢ ਵਿਚਲੇ ਤਿੰਨ ਹੋਰ ਘਰਾਂ ਨੂੰ ਵੀ ਲੁੱਟਣ ਦੀ ਯੋਜਨਾ ਸੀ।

ਡੀ.ਜੀ.ਪੀ. ਅਨੁਸਾਰ ਪੰਜਾਬ ਵਿੱਚ ਪਿਛਲੀਆਂ ਅਜਿਹੀਆਂ ਘਟਨਾਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਨ੍ਹਾਂ ਮਾਮਲਿਆਂ ਵਿੱਚ ਸ਼ੱਕੀ ਵਿਅਕਤੀ ਜੇਲ੍ਹ ਵਿੱਚ ਸਨ ਜਾਂ ਬਾਹਰ।

ਐਸ.ਆਈ.ਟੀ. ਦੇ ਵੇਰਵੇ ਦਿੰਦਿਆਂ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਦੀ ਅਗਵਾਈ ਆਈ.ਜੀ.ਪੀ. ਬਾਰਡਰ ਰੇਂਜ (ਅੰਮ੍ਰਿਤਸਰ) ਐਸ.ਪੀ.ਐਸ. ਪਰਮਾਰ ਕਰ ਰਹੇ ਹਨ ਅਤੇ ਇਸ ਵਿੱਚ ਪਠਾਨਕੋਟ ਦੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਤੇ ਐਸ.ਪੀ. ਇਨਵੈਸਟੀਗੇਸ਼ਨ ਪ੍ਰਭਜੋਤ ਸਿੰਘ ਵਿਰਕ ਅਤੇ ਧਾਰ ਕਲਾਂ (ਪਠਾਨਕੋਟ) ਦੇ ਡੀ.ਐਸ.ਪੀ. ਰਵਿੰਦਰ ਸਿੰਘ ਬਤੌਰ ਮੈਂਬਰ ਹਨ। ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਈਸ਼ਵਰ ਸਿੰਘ ਨੂੰ ਹਰ ਰੋਜ ਜਾਂਚ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਹੈ ਜਦੋਂ ਕਿ ਐਸ.ਪੀ.ਐਸ. ਪਰਮਾਰ ਨੂੰ ਰਾਜ ਵਿੱਚ ਤਾਇਨਾਤ ਕਿਸੇ ਵੀ ਹੋਰ ਪੁਲਿਸ ਅਧਿਕਾਰੀ ਜਾਂ ਅਧਿਕਾਰੀਆਂ ਨੂੰ ਇਸ ਕੇਸ ਦੀ ਜਲਦੀ ਤੋਂ ਜਲਦੀ ਜਾਂਚ ਲਈ ਸ਼ਾਮਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

ਡੀ.ਜੀ.ਪੀ. ਨੇ ਕਿਹਾ ਕਿ 19 ਅਗਸਤ ਦੀ ਰਾਤ ਨੂੰ ਪਿੰਡ ਥਰਿਆਲ ਵਿਖੇ ਵਾਪਰੀ ਘਟਨਾ ਜਿਸ ਸਬੰਧੀ ਪੁਲਿਸ ਥਾਣਾ ਸ਼ਾਹਪੁਰ ਕੰਢੀ (ਪਠਾਨਕੋਟ) ਵਿਖੇ ਆਈ.ਪੀ.ਸੀ. ਦੀ ਧਾਰਾ 460/459/458 ਤਹਿਤ ਦਰਜ ਐਫ.ਆਈ.ਆਰ. ਨੰਬਰ 153, ਮਿਤੀ 20.08.2020 ਦਰਜ ਹੈ, ਦੀ ਪ੍ਰਭਾਵਸ਼ਾਲੀ ਜਾਂਚ ਲਈ ਆਈ.ਜੀ.ਪੀ. ਨੂੰ ਪੰਜਾਬ ਪੁਲਿਸ ਦੇ ਕਿਸੇ ਵੀ ਹੋਰ ਵਿੰਗ/ਯੂਨਿਟ ਤੋਂ ਸਹਿਯੋਗ ਲੈਣ ਦੀ ਖੁੱਲ੍ਹ ਦਿੱਤੀ ਹੈ।

ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ ਅਤੇ ਚੇਅਰਮੈਨ ਐਸ.ਆਈ.ਟੀ. ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਡੀ.ਜੀ.ਪੀ. ਨੂੰ ਰੋਜ਼ਾਨਾ ਜਾਂਚ ਦੀ ਸਥਿਤੀ ਬਾਰੇ ਜਾਣੂੰ ਕਰਵਾਉਂਦੇ ਰਹਿਣਗੇ। ਡੀ.ਜੀ.ਪੀ. ਨੇ ਕਿਹਾ ਕਿ ਉਹ ਬਾਕਾਇਦਾ ਮੁੱਖ ਮੰਤਰੀ ਨੂੰ ਅਪਡੇਟ ਕਰਨਗੇ ਜਿਨ੍ਹਾਂ ਨੇ ਜਲਦੀ ਜਾਂਚ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਸਾਰੇ ਢੰਗ ਤਰੀਕੇ ਅਪਣਾਉਣ ਦੇ ਨਿਰਦੇਸ਼ ਦਿੱਤੇ ਹਨ।

Written By
The Punjab Wire