ਕੋਰੋਨਾ ਵਾਇਰਸ ਨਾਲ ਜੂਝਦੇ ਕੋਰੋਨਾ ਯੋਧੇ ਏ.ਐਸ.ਆਈ ਹਰੀਸ ਕੁਮਾਰ ਦੀ ਹੋਈ ਮੌਤ
ਗੁਰਦਾਸਪੁਰ, 26 ਅਗਸਤ (ਮੰਨਨ ਸੈਣੀ ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਦੀਨਾਨਗਰ ਵਿਖੇ ਡੀ.ਐਸ.ਪੀ ਦੇ ਗੰਨਮੈਨ ਵਜੋਂ ਸੇਵਾਵਾਂ ਨਿਭਾ ਰਹੇ ਕੋਰੋਨਾ ਯੋਧਾ ਏ.ਐਸ.ਆਈ ਹਰੀਸ਼ ਕੁਮਾਰ ਦੀ ਕੋਰੋਨਾ ਬਿਮਾਰੀ ਕਾਰਨ ਹੋਈ ਅਚਨਚੇਤ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਦੀਨਾਨਗਰ ਨੇੜਲੇ ਪਿੰਡ ਦੇ ਰਹਿਣ ਵਾਲੇ ਏ.ਐਸ.ਆਈ ਹਰੀਸ ਕੁਮਾਰ (45) ਦੀ ਮੌਤ ‘ਤੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਪਰਿਵਾਰ ਦੇ ਨਾਲ ਖੜਾ ਹੈ । ਉਨਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਯੋਧਿਆਂ ਦੀ ਤਰਾਂ ਫਰੰਟ ‘ਤੇ ਲੜਾਈ ਜਾ ਰਹੀ ਹੈ ਅਤੇ ਕੋਰੋਨਾ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਏ.ਐਸ.ਆਈ ਹਰੀਸ਼ ਕੁਮਾਰ ਆਪਣੀ ਡਿਊਟੀ ਪੂਰੀ ਮਿਹਨਤ ਤੇ ਲਗਨ ਨਾਲ ਨਿਭਾ ਰਿਹਾ ਸੀ ਅਤੇ ਕੋਰੋਨਾ ਦੀ ਲਪੇਟ ਵਿਚ ਆਉਣ ਕਾਰਨ, ਸਾਰਿਆਂ ਨੂੰ ਵਿਛੋੜਾ ਦੇ ਕੇ ਚਲਾ ਗਿਆ ਹੈ
ਉਨਾਂ ਪਰਮਾਤਮਾ ਦੇ ਚਰਨਾ ਵਿਚ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।
ਏ.ਐਸ. ਆਈ ਹਰੀਸ਼ ਕੁਮਾਰ ਦੀ 24 ਅਗਸਤ 2020 ਨੂੰ ਰਿਪੋਰਟ ਪੋਜਟਿਵ ਆਈ ਸੀ ਤੇ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ ਸੀ, ਜਿਥੇ ਉਨਾਂ ਦੀ ਅੱਜ 26 ਅਗਸਤ 2020 ਨੂੰ ਸਵੇਰੇ ਕਰੀਬ 8.30 ਵਜੇ ਮੌਤ ਹੋ ਗਈ।