ਕੋਵਿੰਡ-19 ਵਿਰੁੱਧ ਜੰਗ ਸੁਰੱਖਿਅਤ ਰਹੋ, ਤੰਦਰੁਸਤ ਰਹੋ-ਕੈਬਨਿਟ ਮੰਤਰੀ ਰੰਧਾਵਾ
ਕੈਬਨਿਟ ਮੰਤਰੀ ਰੰਧਾਵਾ ਨੇ ਸੂਬਾ ਵਾਸੀਆਂ ਨੂੰ ਮਾਸਕ ਪਾਉਣ, ਆਪਸੀ ਦੂਰੀ ਬਣਾ ਕੇਰੱਖਣ ਅਤੇ ਵਾਰ-ਵੱਕ ਹੱਥ ਧੋਣ ਦੀ ਕੀਤੀ ਅਪੀਲ
ਗੁਰਦਾਸਪੁਰ, 4 ਜੂਨ । ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਪੰਜਾਬ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ‘ਮਿਸ਼ਨ ਫ਼ਤਿਹ’ ਕਵਿੰਡ-19 ਮਹਾਂਮਾਰੀ ਦੌਰਾਨ ਉਪਜੇ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਪੰਜਾਬ ਦੇ ਲੋਕਾਂ ਵਲੋਂ ਵਿੱਢੀ ਗਈ ਮੁਹਿੰਮ ਹੈ। ਇਹ ਲੋਕਾਂ ਦਾ, ਵੋਕਾਂ ਵਲੋਂ ਲੋਕਾਂ ਲਈ ਮਿਸ਼ਨ ਹੈ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਮਿਸ਼ਨ ਫਤਿਹ’ ਅਨੁਸਾਸਨ, ਸਹਿਯੋਗ ਅਤੇ ਹਮਦਰਦੀ ਜ਼ਰੀਏ ਨੋਵਲ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਵਾਸੀਆਂ ਦੀ ਦ੍ਰਿੜਤਾ ਦਾ ਪ੍ਰਤੀਕ ਹੈ। ਅਨੁਸ਼ਾਸ਼ਨ ਵਿਚ ਰਹਿ ਕੇ ਸਾਰੇ ਇਹਤਿਆਹ ਵਰਤਣੇ, ਰਾਜ ਸਰਕਾਰ ਵਲੋਂ ਲਾਗੂ ਲਾਕਡਾਊਨ ਦੀਆਂ ਪਾਬੰਦੀਆਂ ਦੀ ਇੰਨਬਿੰਨ ਪਾਲਣਾ ਕਰਕੇ ਸਹਿਯੋਗ ਦੇਣਾ ਅਤੇ ਹਮਦਰਦੀ ਨਾਲ ਗਰੀਬ ਦੀ ਹਰ ਸੰਭਵ ਮਦਦ ਕਰਨਾ ਪੰਜਾਬੀਆਂ ਦਾ ਸੁਭਾਅ ਹੈ। ਇਹੀ ਅਸ਼ਲ ਮਾਅਨਿਆਂ ਵਿਚ ਪੰਜਾਬੀਆਂ ਦੀ ਚੜ•ਦੀਕਲਾ ਦਾ ਪ੍ਰਤੀਕ ਹੈ ਅਤੇ ਇਹੀ ਭਾਵਨਾ ਸਾਨੂੰ ਹਰ ਮੁਸ਼ਕਿਲ ਵਿਚ ਜੇਤੂ ਵਜੋਂ ਉਭਾਰੇਗੀ।
ਸ. ਰੰਧਾਵਾ ਨੇ ਕਿਹਾ ਕਿ ਮੁਹਿੰਮ ਨੂੰ ਪ੍ਰਭਾਵਸ਼ਾਲੀ ਅਤੇ ਨਤੀਜਾ ਮੁਖੀ ਢੰਗ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ ਮਾਸਕ ਪਾਉਣ, ਹੱਥ ਧੋਣ, ਸਮਾਜਕ ਦੂਰੀ ਬਣਾ ਕੇ ਰੱਖਣ, ਬਜ਼ੁਰਗਾਂ ਦੀ ਦੇਖਭਾਲ, ਇਲਾਕੇ ਵਿਚ ਬਾਹਰੀ ਲੋਕਾਂ ਦੇ ਦਾਖ਼ਲੇ ਪ੍ਰਤੀ ਜਾਗਰੂਕ ਰਹਿਣ, ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਪਤਾ ਲਗਾਉਣ ਅਤੇ ਉਨਾਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਲਈ ਕੋਵਾ ਐਪ ਦੀ ਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਗਤੀਵਿਧੀਆਂ ਦਾ ਇਕ ਵਿਆਪਕ ਰੋਡ-ਮੈਪ ਤਿਆਰ ਕੀਤਾ ਹੈ। ਧਿਆਨ ਕੇਂਦਰਿਤ ਕਰਨ ਵਾਲੇ ਹੋਰ ਖੇਤਰਾਂ ਵਿੱਚ ਘਰੇਲੂ ਇਕਾਂਤਵਾਸ ਦੀ ਮਹੱਤਤਾ, ਫਲੂ ਦੇ ਲੱਛਣਾਂ ਅਤੇ ਉਸ ਤੋਂ ਬਾਅਦ ਦੀਆਂ ਕਿਰਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ, ਲੌਕਡਾਉਨ 5.0 ਦੌਰਾਨ ਪਾਬੰਦੀਆਂ ਅਤੇ ਉਲੰਘਣਾ ਦੇ ਮਾਮਲੇ ਵਿੱਚ ਜ਼ੁਰਮਾਨੇ, ਮਹਾਮਾਰੀ ਵਿਰੁੱਧ ਮਿਲ ਕੇ ਲੜਨ ਲਈ ਸਮਾਜ ਦੀ ਲਾਮਬੰਦੀ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸ਼ਾਮਲ ਹੈ।