ਪੰਜਾਬ ਸਰਕਾਰ ਦੇ ਯਤਨਾ ਸਦਕਾ ਦੂਜੇ ਰਾਜਾਂ ਵਿੱਚ ਫਸੇ ਗੁਰਦਾਸਪੁਰੀਏ ਆਪਣੇ ਘਰਾਂ ਵਿੱਚ ਪਰਤਣੇ ਸ਼ੁਰੂ
ਅੱਜ 22 ਵਿਅਕਤੀ ਹਨੂਮਨਾਗੜ੍ਹ ਤੇ 18 ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ
ਸਿਹਤ ਵਿਭਾਗ ਵਲੋਂ ਸਾਰੇ ਵਿਅਕਤੀਆਂ ਦਾ ਕੀਤਾ ਜਾ ਰਿਹਾ ਮੈਡੀਕਲ ਚੈੱਕਅਪ
ਬਟਾਲਾ, 26 ਅਪ੍ਰੈਲ । ਕੋਰੋਨਾ ਵਾਇਰਸ ਦੇ ਕਰਫਿਊ ਅਤੇ ਦੇਸ਼ ਵਿਆਪੀ ਤਾਲਾਬੰਦੀ ਦੇ ਦੌਰਾਨ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਵਿੱਚ ਫਸੇ ਜ਼ਿਲ੍ਹਾ ਗੁਰਦਾਸਪੁਰ ਦੇ ਨਿਵਾਸੀਆਂ ਨੂੰ ਪੰਜਾਬ ਸਰਕਾਰ ਦੇ ਯਤਨਾ ਸਦਕਾ ਅੱਜ ਵਾਪਸ ਆਪਣੇ ਜ਼ਿਲ੍ਹੇ ਵਿੱਚ ਲਿਆਂਦਾ ਗਿਆ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਵਿਸ਼ੇਸ਼ ਬੱਸ ਭੇਜ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ 22 ਵਿਅਕਤੀ ਜੋ ਕਿ ਹਨੂਮਾਨਗੜ੍ਹ (ਰਾਜਸਥਾਨ) ਵਿਖੇ ਪਿਛਲੇ ਕਈ ਦਿਨਾਂ ਤੋਂ ਫਸੇ ਹੋਏ ਸਨ, ਅੱਜ ਵਾਪਸ ਆਪਣੇ ਘਰਾਂ ਵਿੱਚ ਪਹੁੰਚ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ 18 ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਆਪਣੇ ਸਾਧਨ ਰਾਹੀਂ ਅੱਜ ਬਟਾਲਾ ਵਿਖੇ ਪਹੁੰਚੇ ਹਨ।
ਬਾਹਰਲੇ ਰਾਜਾਂ ਤੋਂ ਆ ਰਹੇ ਇਨ੍ਹਾਂ ਵਿਅਕਤੀਆਂ ਅਤੇ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਸਭ ਤੋਂ ਪਹਿਲਾਂ ਬਟਾਲਾ ਦੇ ਖਤੀਬ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਲਿਜਾਇਆ ਜਾ ਰਿਹਾ ਹੈ, ਜਿਥੇ ਸਿਹਤ ਵਿਭਾਗ ਵਲੋਂ ਹਰ ਵਿਅਕਤੀ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ। ਹਨੂਮਾਨਗੜ੍ਹ ਤੋਂ ਆਏ ਵਿਅਕਤੀਆਂ ਨੇ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।
ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਬਾਹਰਲੇ ਰਾਜਾਂ ਤੋਂ ਆਏ ਹਰ ਵਿਅਕਤੀ ਦਾ ਬਟਾਲਾ ਵਿਖੇ ਮੈਡੀਕਲ ਚੈਕਅਪ ਕੀਤਾ ਜਾ ਰਿਹਾ ਹੈ ਅਤੇ ਜੇਕਰ ਉਨ੍ਹਾਂ ਨੂੰ ਕੋਈ ਮੈਡੀਕਲੀ ਤਕਲੀਫ ਨਹੀਂ ਹੈ ਤਾਂ ਸਬੰਧਤ ਸੈਕਟਰ ਅਫ਼ਸਰ ਤੇ ਬੀ.ਅੱੈਲ.ਓਜ਼ ਦੇ ਰਾਹੀਂ ਉਸਦੇ ਘਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿ ਬਾਹਰਲੇ ਰਾਜਾਂ ਤੋਂ ਆਏ ਸਾਰੇ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ 14 ਦਿਨਾਂ ਲਈ ਕੋਆਂਰੰਟਾਈਨ (ਇਕਾਂਤਵਾਸ) ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕਾਂਤਵਾਸ ਕੀਤੇ ਇਨ੍ਹਾਂ ਵਿਅਕਤੀਆਂ ਦੀ ਪੂਰੀ ਨਿਗਰਾਨੀ ਰੱਖੀ ਜਾਵੇਗੀ ਅਤੇ ਇਨ੍ਹਾਂ ਦੇ ਮੋਬਾਇਲਾਂ ਵਿੱਚ ਕੋਆ ਐਪ ਵੀ ਡਾਊਨਲੋਡ ਕੀਤੀ ਜਾ ਰਹੀ ਹੈ ਤਾਂ ਇਸ ਜਰੀਏ ਵੀ ਇਨ੍ਹਾਂ ਉੱਪਰ ਨਜ਼ਰ ਰੱਖੀ ਜਾ ਸਕੇ।