ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਟਰੇਡਰਸ ਕਮਿਸ਼ਨ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਹਦਾਇਤ
ਗੁਰਦਾਸਪੁਰ, 21 ਅਪ੍ਰੈਲ 2026 (ਮੰਨਨ ਸੈਣੀ)। ਸ੍ਰੀ ਆਦਿਤਿਆ ਉੱਪਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਟਰੇਡਰਸ ਕਮਿਸ਼ਨ ਨਾਲ ਸਬੰਧਤ ਵੱਖ ਵੱਖ ਮੁਸ਼ਕਿਲਾਂ ਦੇ ਹੱਲ ਕਰਨ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਟਰੇਡਰਸ ਕਮਿਸ਼ਨ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਹਦਾਇਤ ਕੀਤੀ।ਇਸ ਮੌਕੇ ਸਿਮਰਜੀਤ ਸਿੰਘ, ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਗੁਰਦਾਸਪੁਰ, ਸਿਵਲ ਤੇ ਪੁਲਿਸ ਅਧਿਕਾਰੀ ਅਤੇ ਵੱਖ ਵੱਖ ਹਲਕਿਆਂ ਦੇ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਟਰੇਡਰਸ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਸਬੰਧੀ ਵੱਖ ਵੱਖ ਵਿਭਾਗਾਂ ਵਲੋਂ ਕੀਤੇ ਗਏ ਕੰਮਾਂ ਅਤੇ ਜਿਨ੍ਹਾਂ ਮੁਸ਼ਕਿਲਾਂ ਦਾ ਨਿਪਟਾਰਾ ਅਜੇ ਤੱਕ ਨਹੀ ਕੀਤਾ ਗਿਆ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਲਈ ਅਤੇ ਕਿਹਾ ਕਿ ਜ਼ਿਲ੍ਹਾ ਟਰੇਡਰਸ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਦਾ ਹੱਲ ਕਰਨ ਲਈ ਹਰ ਹਫਤੇ ਮੀਟਿੰਗ ਕੀਤੀ ਜਾ ਰਹੀ ਹੈ, ਇਸ ਲਈ ਸਬੰਧਤ ਅਧਿਕਾਰੀ ਮੁਸ਼ਕਿਲਾਂ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਨੂੰ ਯਕੀਨੀ ਬਣਾਉਣ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਹਲਕਾ ਵਾਈਜ਼ ਵੱਖ ਵੱਖ ਸਮੱਸਿਆਵਾਂ ਸਬੰਧੀ ਅਧਿਕਾਰੀਆਂ ਕੋਲੇ ਜਾਣਕਾਰੀ ਲਈ ਗਈ।
ਮੀਟਿੰਗ ਵਿੱਚ ਜਿਲ੍ਹਾ ਟਰੇਡਰਸ ਕਮਿਸ਼ਨ ਦੀਆਂ ਵੱਖ ਵੱਖ ਮੁਸ਼ਕਿਲਾਂ ਜਿਵੇਂ ਸੜਕ ਦੀ ਰਿਪੇਅਰ ਕਰਨ ਸਬੰਧੀ, ਗੰਦੇ ਪਾਣੀ ਦੀ ਨਿਕਾਸੀ ਸਬੰਧੀ, ਪਬਲਿਕ ਟਾਇਲਟਸ ਬਣਾਉਣ ਸਬੰਧੀ, ਸਫਾਈ ਸਬੰਧੀ, ਬਜਾਰਾਂ ਵਿੱਚ ਕੀਤੇ ਨਾਜਾਇਜ਼ ਕਬਜਿਆਂ ਸਬੰਧੀ, ਬਿਜਲੀ ਦੀਆਂ ਤਾਰਾਂ ਠੀਕ ਕਰਨ ਸਬੰਧੀ, ਸਿਵਲ ਹਸਪਤਾਲ ਵਿਖੇ ਵਾਸ਼ਰੂਮਾਂ ਦੀ ਸਫਾਈ ਸਬੰਧੀ, ਪਾਰਕਿੰਗ ਸਬੰਧੀ, ਸਟਰੀਟ ਲਾਈਟਾਂ ਸਬੰਧੀ ਅਤੇ ਪੁਲਿਸ ਨਾਲ ਸਬੰਧਤ ਵੱਖ ਵੱਖ ਮੁਸ਼ਕਿਲਾਂ ਸਬੰਧੀ ਵਿਸਥਾਰ ਵਿੱਚ ਜਿਕਰ ਕੀਤਾ ਗਿਆ ਅਤੇ ਸਬੰਧਤ ਅਧਿਕਾਰੀਆਂ ਵਲੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਵੱਲੋਂ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਵਪਾਰੀਆਂ ਨੂੰ ਹੋਰ ਸੁਚੱਜੇ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ।
ਇਸ ਮੌਕੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਗੁਰਦਾਸਪੁਰ ਦੇ ਚੇਅਰਮੈਨ ਸਿਮਰਜੀਤ ਸਿੰਘ ਨੇ ਦੱਸਿਆ ਕਿ ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਰਕਾਰ ਦੇ ਪੋਰਟਲ ’ਤੇ ਸ਼ਿਕਾਇਤਾਂ ਦਰਜ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਹੱਲ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ, ਜਿਸ ਸਬੰਧੀ ਇਹ ਮੀਟਿੰਗ ਕੀਤੀ ਗਈ ਹੈ।
ਇਸ ਮੌਕੇ ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜ), ਸ੍ਰੀਮਤੀ ਅਨੁਪ੍ਰੀਤ ਕੌਰ ਐੱਸ.ਡੀ.ਐਮ ਗੁਰਦਾਸਪੁਰ, ਅਦਿੱਤਿਆ ਸ਼ਰਮਾ ਐੱਸ.ਡੀ.ਐਮ ਡੇਰਾ ਬਾਬਾ ਨਾਨਕ, ਸਾਰੰਗਪ੍ਰੀਤ ਸਿੰਘ ਐੱਸ ਡੀ ਐੱਮ ਬਟਾਲਾ, ਨਵਜੋਤ ਸ਼ਰਮਾ ਐੱਸ.ਡੀ.ਐਮ ਫਤਿਹਗੜ੍ਹ ਚੂੜੀਆ , ਰਵਿੰਦਰ ਸਿੰਘ ਐੱਸ ਡੀ ਐੱਮ ਦੀਨਾਨਗਰ, ਰਮਨਦੀਪ ਸਿੰਘ ਐਸ ਪੀ ਬਟਾਲਾ, ਵਿਪਨ ਸੋਨੀ ਚੇਅਰਮੈਨ ਹਲਕਾ ਡੇਰਾ ਬਾਬਾ ਨਾਨਕ, ਚਰਨਜੀਤ ਸਿੰਘ ਪੁਰੇਵਾਲ ਚੇਅਰਮੈਨ ਹਲਕਾ ਬਟਾਲਾ, ਚੇਅਰਮੈਨ ਰਾਜੀਵ ਸ਼ਰਮਾ ਹਲਕਾ ਦੀਨਾਨਗਰ, ਚੇਅਰਮੈਨ ਰਜਿੰਦਰ ਨੰਦਾ ਹਲਕਾ ਗੁਰਦਾਸਪੁਰ, ਵਿਸ਼ਾਲ ਸਿੰਘ, ਰੁਪਿੰਦਰ ਸਿੰਘ ਰੋਮੀ ਚੇਅਰਮੈਨ ਸ਼੍ਰੀ ਹਰਗੋਬਿੰਦਪੁਰ ਸਾਹਿਬ, ਚੇਅਰਮੈਨ ਅਸ਼ਵਨੀ ਦੁੱਗਲ ਹਲਕਾ ਕਾਦੀਆਂ, ਚੇਅਰਮੈਨ ਗੁਰਪ੍ਰੀਤ ਸਿੰਘ ਹਲਕਾ ਫਤਹਿਗੜ੍ਹ ਚੂੜੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।