ਗੁਰਦਾਸਪੁਰ/ਬਟਾਲਾ, 20 ਅਪ੍ਰੈਲ 2026 (ਮੰਨਨ ਸੈਣੀ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਚੱਲ ਰਹੇ ਸੜਕੀ ਪ੍ਰੋਜੈਕਟਾਂ ਦੀ ਕਾਇਆ-ਕਲਪ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਸਖ਼ਤ ਰੁਖ਼ ਅਖਤਿਆਰ ਕੀਤਾ ਗਿਆ ਹੈ। ਇਸੇ ਮੁਹਿੰਮ ਤਹਿਤ ਅੱਜ CM ਫਲਾਇੰਗ ਸਕੁਐਡ ਵੱਲੋਂ ਗੁਰਦਾਸਪੁਰ ਅਤੇ ਬਟਾਲਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਨਵੀਆਂ ਬਣੀਆਂ ਸੜਕਾਂ ਦੀ ਅਚਨਚੇਤ ਜਾਂਚ ਕੀਤੀ ਗਈ।
ਗੁਣਵੱਤਾ ਦੀ ਪਰਖ ਲਈ ਲਏ ਸੈਂਪਲ
ਫਲਾਇੰਗ ਸਕੁਐਡ ਦੀਆਂ ਟੀਮਾਂ ਨੇ ਵਿਸ਼ੇਸ਼ ਤੌਰ ‘ਤੇ ਗੁਰਦਾਸਪੁਰ ਦੇ ਪਿੰਡ ਰੂੜਾ ਬੁੱਟਰ, ਰੱਤੋਵਾਲ, ਰੱਤੋਵਾਲ-ਅੱਬੂਵਾਲ ਲਿੰਕ ਰੋਡ ਅਤੇ ਬਟਾਲਾ ਦੇ ਗ੍ਰੰਥਗੜ੍ਹ ਖੇਤਰ ਵਿੱਚ ਦਸਤਕ ਦਿੱਤੀ। ਇਸ ਤੋਂ ਇਲਾਵਾ ਟੀਮਾਂ ਵੱਲੋਂ ਐਤੀਆਣਾ, ਬੜੈਚ, ਬਰਨਾਲਾ, ਪੰਜੋਲਾ-ਹਸਨਪੁਰ-ਛਲੇੜੀ ਖੁਰਦ-ਸੇਹਰਾ ਰੋਡ ਅਤੇ ਜਖਵਾਲੀ-ਮੁੱਲੇਪੁਰ ਰੋਡ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਸੜਕ ਨਿਰਮਾਣ ਵਿੱਚ ਵਰਤੇ ਗਏ ਮਟੀਰੀਅਲ ਦੇ ਨਮੂਨੇ ਭਰੇ ਗਏ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੰਮ ਸਰਕਾਰੀ ਮਾਪਦੰਡਾਂ ਅਨੁਸਾਰ ਹੋਇਆ ਹੈ ਜਾਂ ਨਹੀਂ।
ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼
ਮੌਕੇ ‘ਤੇ ਹਾਜ਼ਰ ਵਿਭਾਗੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਚੈਕਿੰਗ ਟੀਮ ਨੇ ਸਪਸ਼ਟ ਕੀਤਾ ਕਿ ਸੜਕਾਂ ਦੀ ਗੁਣਵੱਤਾ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਨਿਰਮਾਣ ਕਾਰਜਾਂ ਦੌਰਾਨ ਉੱਚ ਪੱਧਰੀ ਮਿਆਰ ਬਰਕਰਾਰ ਰੱਖਿਆ ਜਾਵੇ ਤਾਂ ਜੋ ਜਨਤਾ ਦੇ ਪੈਸੇ ਦੀ ਦੁਰਵਰਤੋਂ ਨਾ ਹੋਵੇ ਅਤੇ ਸੜਕਾਂ ਲੰਬੇ ਸਮੇਂ ਤੱਕ ਟਿਕਾਊ ਰਹਿਣ।
ਸਰਕਾਰ ਦੀ ਵਚਨਬੱਧਤਾ
ਜ਼ਿਕਰਯੋਗ ਹੈ ਕਿ ਮਾਨ ਸਰਕਾਰ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰ ਦਾ ਉਦੇਸ਼ ਨਾ ਸਿਰਫ਼ ਨਵੀਆਂ ਸੜਕਾਂ ਬਣਾਉਣਾ ਹੈ, ਸਗੋਂ ਉਨ੍ਹਾਂ ਦੀ ਕੁਆਲਿਟੀ ਨੂੰ ਇੰਨਾ ਬਿਹਤਰ ਬਣਾਉਣਾ ਹੈ ਕਿ ਰਾਹਗੀਰਾਂ ਨੂੰ ਸਫ਼ਰ ਦੌਰਾਨ ਕੋਈ ਮੁਸ਼ਕਲ ਪੇਸ਼ ਨਾ ਆਵੇ। CM ਫਲਾਇੰਗ ਸਕੁਐਡ ਦੀ ਇਸ ਕਾਰਵਾਈ ਨਾਲ ਨਿਰਮਾਣ ਕਾਰਜਾਂ ਵਿੱਚ ਲੱਗੇ ਠੇਕੇਦਾਰਾਂ ਅਤੇ ਸਬੰਧਤ ਅਧਿਕਾਰੀਆਂ ਬੇਹੱਦ ਸਤਰਕ ਹਨ।