ਪਾਟੇ ਹੋਏ ਜੂਡੋ ਮੈਟ ਉਪਰ ਟ੍ਰੇਨਿੰਗ ਕਰ ਕੇ ਚੈਂਪੀਅਨ ਬਣਨ ਦੇ ਸੁਪਨੇ ਪੂਰੇ ਕਰ ਰਹੇ ਹਨ ਗੁਰਦਾਸਪੁਰ ਦੇ ਖਿਡਾਰੀ
12 ਸਾਲ ਪੁਰਾਣੇ ਹਨ ਜੂਡੋ ਮੈਟ
ਗੁਰਦਾਸਪੁਰ 15 ਮਾਰਚ 2026 (ਮੰਨਨ ਸੈਣੀ )– ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਖਿਡਾਰੀਆਂ ਨੂੰ ਪਿਛਲੇ 12 ਸਾਲ ਪੁਰਾਣੇ ਜੂਡੋ ਮੈਟ ਤੇ ਟ੍ਰੇਨਿੰਗ ਕਰਨ ਵਿੱਚ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਗੁਰਦਾਸਪੁਰ ਦੇ ਜੂਡੋ ਖਿਡਾਰੀ ਆਪਣੀ ਸਖ਼ਤ ਮਿਹਨਤ ਸਦਕਾ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤ ਕੇ ਇਤਿਹਾਸ ਰਚ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਹੋਣ ਵਾਲੇ ਮੁਕਾਬਲੇ ਕਾਮਨਵੈਲਥ ਖੇਡਾਂ, ਏਸ਼ੀਅਨ ਚੈਂਪੀਅਨਸ਼ਿਪ, ਏਸ਼ੀਅਨ ਖੇਡਾਂ ਲਈ ਮੈਡਲ ਜਿੱਤਣ ਲਈ ਦਿਨ ਰਾਤ ਖੂਨ ਪਸੀਨਾ ਵਹਾ ਰਹੇ ਹਨ ਪਰ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਇਹਨਾਂ ਖਿਡਾਰੀਆਂ ਲਈ ਬੁਨਿਆਦੀ ਸਹੂਲਤਾਂ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ 16 ਅਪ੍ਰੈਲ ਤੋਂ 19 ਅਪ੍ਰੈਲ ਤੱਕ ਚੀਨ ਦੇ ਓਰਡੋਸ ਸਿਟੀ ਵਿਖੇ ਹੋ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ਦਾ ਸੁਪਨਾ ਲੈ ਕੇ ਇਸ ਸੈਂਟਰ ਦਾ ਸਟਾਰ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਸਖ਼ਤ ਮਿਹਨਤ ਕਰ ਰਿਹਾ ਹੈ। ਜੁਲਾਈ ਮਹੀਨੇ ਗਲਾਸਗੋ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ ਲਈ ਕੁਆਲੀਫਾਈ ਕਰ ਚੁੱਕਿਆ ਹੈ। ਇਸੇ ਤਰ੍ਹਾਂ ਸੈਂਟਰ ਦੇ ਰਿਹਾਨ ਸ਼ਰਮਾ, ਹਰਪੁਨੀਤ ਕੌਰ ਰਾਵਲਪਿੰਡੀ ਵੀ ਅੰਤਰਰਾਸ਼ਟਰੀ ਜੂਨੀਅਰ ਜੂਡੋ ਮੁਕਾਬਲਿਆਂ ਲਈ ਭਾਰਤੀ ਜੂਡੋ ਫੈਡਰੇਸ਼ਨ ਵੱਲੋਂ ਯੋਗ ਐਲਾਨੇ ਗਏ ਹਨ। ਇਥੋਂ ਦੇ ਪੰਜ ਖਿਡਾਰੀਆਂ ਨੇ 18 ਮਾਰਚ ਤੋਂ 22 ਮਾਰਚ ਤੱਕ ਆਲ ਇੰਡੀਆ ਇੰਟਰ ਵਰਸਿਟੀ ਜੂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਪੰਜਾਬ ਲਈ ਮੈਡਲ ਜਿੱਤਣ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਕੋਚ ਰਵੀ ਕੁਮਾਰ ਗੁਰਦਾਸਪੁਰ ਵਲੋਂ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਨੂੰ ਲਿਖਤੀ ਬੇਨਤੀ ਕੀਤੀ ਹੈ ਕਿ ਉਸਨੂੰ ਨਵੇਂ ਜੂਡੋ ਮੈਟ ਲੈ ਕੇ ਦਿੱਤੇ ਜਾਣ। ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਮਾਹਿਰਾਂ ਦੀ ਰਾਏ ਹੈ ਕਿ ਫਟੇ ਹੋਏ ਜੂਡੋ ਮੈਟ ਤੇ ਪਰੈਕਟਿਸ ਅਕਸਰ ਖਿਡਾਰੀਆਂ ਲਈ ਮੇਜ਼ਰ ਇੰਜਰੀ ਦਾ ਕਾਰਨ ਬਣਦੀ ਹੈ। ਜਿਸ ਦਾ ਖਮਿਆਜ਼ਾ ਖਿਡਾਰੀਆਂ ਨੂੰ ਲੰਮਾ ਸਮਾਂ ਖੇਡ ਤੋਂ ਬਾਹਰ ਰਹਿ ਕੇ ਭੁਗਤਨਾ ਪੈਂਦਾ ਹੈ।ਮਹਿੰਗੇ ਭਾਅ ਦੇ ਹਸਪਤਾਲਾਂ ਵਿੱਚ ਸਰਜਰੀ ਕਰਵਾਉਣ ਤੇ ਮਾਪਿਆਂ ਨੂੰ ਅਕਸਰ ਕਰਜ਼ਾ ਚੁਕਾਉਣ ਲਈ ਘਰੇਲੂ ਵਸਤੂਆਂ ਵੇਚਣੀਆਂ ਪੈਂਦੀਆਂ ਹਨ। ਜ਼ਿਲ੍ਹਾ ਜੂਡੋ ਐਸੋਸੀਏਸ਼ਨ ਦੀ ਸਕੱਤਰ ਬਲਵਿੰਦਰ ਕੌਰ ਰਾਵਲਪਿੰਡੀ, ਟੈਕਨੀਕਲ ਚੇਅਰਮੈਨ ਪੰਜਾਬ ਜੂਡੋ ਐਸੋਸੀਏਸ਼ਨ ਸਤੀਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਿਡਾਰੀਆਂ ਦੀ ਬਿਹਤਰੀ ਲਈ ਜਲਦੀ ਤੋਂ ਜਲਦੀ ਜੂਡੋ ਮੈਟ ਮੁਹਈਆ ਕਰਵਾਉਣ ਦੀ ਖ਼ੇਚਲ ਕੀਤੀ ਜਾਵੇ ਤਾਂ ਕਿ ਖਿਡਾਰੀ ਆਪਣੇ ਭਵਿੱਖ ਨੂੰ ਠੀਕ ਢੰਗ ਨਾਲ ਸੁਧਾਰ ਸਕਣ।