Close

Recent Posts

ਗੁਰਦਾਸਪੁਰ ਪੰਜਾਬ

ਰਮਨ ਬਹਿਲ ਦੀ ਅਗਵਾਈ ਹੇਠ ‘ਮੁੱਖ ਮੰਤਰੀ ਮਾਵਾਂ ਦੀਆਂ ਸਤਿਕਾਰ ਯੋਜਨਾ’ ਦੀ ਖੁਸ਼ੀ ਵਿੱਚ ਨਹਿਰੂ ਪਾਰਕ ਗੁਰਦਾਸਪੁਰ ਤੋਂ ਸ਼ਾਨਦਾਰ ਜਾਗੋ ਕੱਢੀ

ਰਮਨ ਬਹਿਲ ਦੀ ਅਗਵਾਈ ਹੇਠ ‘ਮੁੱਖ ਮੰਤਰੀ ਮਾਵਾਂ ਦੀਆਂ ਸਤਿਕਾਰ ਯੋਜਨਾ’ ਦੀ ਖੁਸ਼ੀ ਵਿੱਚ ਨਹਿਰੂ ਪਾਰਕ ਗੁਰਦਾਸਪੁਰ ਤੋਂ ਸ਼ਾਨਦਾਰ ਜਾਗੋ ਕੱਢੀ
  • PublishedMarch 14, 2026

ਵੱਡੀ ਗਿਣਤੀ ਵਿੱਚ ਸਤਿਕਾਰਤ ਮਾਤਾਵਾਂ ਭੈਣਾਂ ਅਤੇ ਹਲਕਾ ਵਾਸੀਆਂ ਨੇ ਸ਼ਿਰਕਤ ਕੀਤੀ

ਗੁਰਦਾਸਪੁਰ, 14 ਮਾਰਚ 2026 (ਮੰਨਣ ਸੈਣੀ )। ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਦੀ ਅਗਵਾਈ ਹੇਠ ‘ਮੁੱਖ ਮੰਤਰੀ ਮਾਵਾਂ ਦੀਆਂ ਸਤਿਕਾਰ ਯੋਜਨਾ’ ਦੀ ਖੁਸ਼ੀ ਵਿੱਚ ਨਹਿਰੂ ਪਾਰਕ ਗੁਰਦਾਸਪੁਰ ਤੋਂ ਜਾਗੋ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਤਿਕਾਰਤ ਮਾਤਾਵਾਂ, ਭੈਣਾਂ ਅਤੇ ਹਲਕਾ ਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀਮਤੀ ਅਰਚਨਾ ਬਹਿਲ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਮੌਜੂਦ ਸਨ।

ਇਸ ਮੌਕੇ ਗੱਲ ਕਰਦਿਆਂ ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਇਹ ਉਪਰਾਲਾ ਸਾਡੀਆਂ ਮਾਵਾਂ ਦੇ ਸਤਿਕਾਰ ਨੂੰ ਸਮਰਪਿਤ ਹੈ, ਜਿਸ ਨਾਲ ਮਹਿਲਾਵਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਦੇ ਸਤਿਕਾਰ ਵਜੋਂ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਦੀ ਖੁਸ਼ੀ ਵਿੱਚ ਜਾਗੋ ਕੱਢ ਕੇ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ।

ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਭਾਗ ਲਿਆ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।

ਇਸ ਦੌਰਾਨ ਮਹਿਲਾਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਆਮ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਘਰੇਲੂ ਖਰਚੇ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ ਅਤੇ ਛੋਟੀ-ਮੋਟੀ ਲੋੜਾਂ ਲਈ ਵੀ ਕਈ ਵਾਰ ਘਰਾਂ ਵਿੱਚ ਸੋਚਣਾ ਪੈਂਦਾ ਹੈ। ਮਹੀਨਾਵਾਰ ਮਿਲਣ ਵਾਲੀ ਇਹ ਰਕਮ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਦੇ ਨਾਲ-ਨਾਲ ਘਰੇਲੂ ਖਰਚਿਆਂ ਵਿੱਚ ਮਦਦਗਾਰ ਸਾਬਤ ਹੋਵੇਗੀ।

ਮਹਿਲਾਵਾਂ ਨੇ ਕਿਹਾ ਕਿ ਜਿਵੇਂ ਬਿਮਾਰੀ ਦੇ ਸਮੇਂ ਸਰਕਾਰੀ ਇਲਾਜ ਸਹੂਲਤਾਂ ਲੋਕਾਂ ਲਈ ਵੱਡਾ ਸਹਾਰਾ ਬਣਦੀਆਂ ਹਨ, ਉਸੇ ਤਰ੍ਹਾਂ ਇਹ ਆਰਥਿਕ ਸਹਾਇਤਾ ਵੀ ਆਮ ਘਰਾਂ ਲਈ ਸਮੇਂ ਦੀ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਜੋ ਲੋਕ 1000 ਰੁਪਏ ਨੂੰ ਘੱਟ ਸਮਝਦੇ ਹਨ, ਉਹ ਆਮ ਘਰਾਂ ਦੀਆਂ ਮਹਿਲਾਵਾਂ ਤੋਂ ਪੁੱਛ ਕੇ ਵੇਖਣ ਕਿ ਇਹ ਰਕਮ ਕਿੰਨੀ ਮਹੱਤਵਪੂਰਨ ਹੈ ਅਤੇ ਇਹ ਰੋਜ਼ਾਨਾ ਦੀਆਂ ਲੋੜਾਂ ਪੂਰੀ ਕਰਨ ਵਿੱਚ ਕਿੰਨਾ ਯੋਗਦਾਨ ਪਾਉਂਦੀ ਹੈ।

Written By
The Punjab Wire