ਅੰਗ ਦਾਨ ਲਈ ਪ੍ਰੇਰਿਤ ਕਰਨ ਲਈ ਕੰਨਿਆ ਕੁਮਾਰੀ ਤੋਂ ਕਾਦੀਆਂ ਪਹੁੰਚੇ ਆਈ ਪੀ ਐਸ ਅਧਿਕਾਰੀ ਸ਼੍ਰੀ ਵਿਪੁਲ ਅਨੇਕਾਂਤ
ਕਾਦੀਆਂ 14 ਮਾਰਚ 2026 (ਮਕਬੂਲ ਅਹਿਮਦ)। ਅਸੀਂ ਅਕਸਰ ਵੇਖਿਆ ਹੈ ਕਿ ਆਈ ਪੀ ਐਸ ਅਧਿਕਾਰੀ ਹੋਵੇ ਤਾਂ ਉਸ ਦਾ ਦਿਮਾਗ਼ ਸੱਤਵੇਂ ਆਸਮਾਨ ਤੇ ਪਹੁੰਚਿਆ ਹੁੰਦਾ ਹੈ ਅਤੇ ਉਹ ਆਮ ਆਦਮੀ ਨਾਲ ਦੂਰੀ ਬਣਾ ਕੇ ਰੱਖਦਾ ਹੈ। ਪਰ ਦੇਸ਼ ਵਿੱਚ ਇਹੋ ਜਿਹੇ ਵੀ ਕੁੱਝ ਪੁਲੀਸ ਅਧਿਕਾਰੀ ਹਨ ਉਹ ਭਾਵੇਂ ਜਿੰਨੀ ਮਰਜ਼ੀ ਉੱਚ ਪੋਸਟ ਤੇ ਪਹੁੰਚ ਜਾਣ ਉਹ ਜ਼ਮੀਨ ਅਤੇ ਆਮ ਲੋਕਾਂ ਨਾਲ ਜੁੜੇ ਰਹਿੰਦੇ ਹਨ। ਅੰਨਡੇਮਾਨ ਨਿਕੋਬਾਰ ਦੀਪ ਸਮੂਹ ਬੈਚ ਦੇ ਆਈ ਪੀ ਐਸ ਅਧਿਕਾਰੀ ਸ਼੍ਰੀ ਵਿਪੁਲ ਅਨੇਕਾਂਤ ਕੰਨਿਆ ਕੁਮਾਰੀ ਤੋਂ ਕਸ਼ਮੀਰ ਲਈ 4600 ਕਿੱਲੋ ਮੀਟਰ ਦੀ ਯਾਤਰਾ ਸਾਈਕਲ ਇਕੱਲੇ ਹੀ ਸਿਰਫ਼ ਇਸ ਕਰ ਕੇ ਕਰਨ ਲਈ ਨਿਕਲੇ ਹਨ ਕਿ ਉਹ ਲੋਕਾਂ ਨੂੰ ਮੌਤ ਤੋਂ ਬਾਅਦ ਉਨਾਂ ਦਾ ਸ਼ਰੀਰ ਦਾਨ ਕਰਨ ਲਈ ਪ੍ਰੇਰਿਤ ਕਰ ਸਕਣ। ਉਹ ਮੂਲ ਰੂਪ ਤੋਂ ਹਨੂਮਾਨ ਗੜ੍ਹ ਜ਼ਿਲਾ ਦੇ ਭਦਰਾ ਤਹਿਸੀਲ ਦੇ ਰਹਿਣ ਵਾਲੇ ਹਨ।
ਸ਼੍ਰੀ ਵਿਪੁਲ ਅਨੇਕਾਂਤ ਵਾਇਆ ਬਟਾਲਾ ਜਦੋਂ ਕਾਦੀਆਂ ਪਹੁੰਚੇ ਤਾਂ ਇਸ ਪੱਤਰਕਾਰ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਦੱਸਿਆ ਕਿ 16 ਜਨਵਰੀ 2026 ਨੂੰ ਸਾਈਕਲ ਤੇ ਲੋਕਾਂ ਨੂੰ ਮੌਤ ਤੋਂ ਬਾਅਦ ਦੇਹ ਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਨਿਕਲੇ ਹਨ। ਉਨ੍ਹਾਂ ਦੱਸਿਆ ਕਿ 8 ਸਾਲ ਪਹਿਲਾਂ ਉਨ੍ਹਾਂ ਦੇ ਦਾਦਾ ਤੇ ਦੇਹਾਂਤ ਤੇ ਜੂਨਾਗੜ੍ਹ ਮੈਡੀਕਲ ਕਾਲਜ ਵਿੱਚ ਉਨ੍ਹਾਂ ਦਾ ਦੇਹ ਦਾਨ ਕੀਤਾ ਸੀ। ਆਪਣੇ ਦਾਦਾ ਦੇ ਇਸ ਪਰਉਪਕਾਰੀ ਕਦਮ ਤੇ ਉਹ ਇਸ ਕਦਰ ਪ੍ਰਭਾਵਿਤ ਹੋਏ ਲੋਕਾਂ ਨੂੰ ਦੇਹ ਦਾਨ ਕਰਨ ਲਈ ਪ੍ਰੇਰਿਤ ਕਰਨ ਦਾ ਬੀੜਾ ਇਨ੍ਹਾਂ ਖ਼ੁਦ ਚੁੱਕ ਲਿਆ। ਹੁਣ ਤੱਕ ਉਹ 3900 ਕਿੱਲੋ ਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਨ। ਅਤੇ ਉਹ ਹੁਣ ਗੁਰਦਾਸਪੁਰ ਰਸਤੇ ਰਾਹੀਂ ਸ੍ਰੀਨਗਰ ਲਈ ਜਾ ਰਹੇ ਹਨ। ਇੱਕ ਸਾਈਕਲ ਕੰਧੇ ਤੇ ਮਹਿਜ਼ ਦੋ ਕਿੱਲੋ ਦਾ ਛੋਟਾ ਜਿਹਾ ਬੈਗ ਜਿਸ ਵਿੱਚ ਕੇਵਲ ਤਿੰਨ ਟੀ ਸ਼ਰਟਸ, ਇੱਕ ਤੋਲਿਆ, ਟੂੱਥ ਪੇਸਟ ਬਰਸ਼, ਸਾਬਣ ਅਤੇ ਕੁੱਝ ਲੋੜੀਂਦੀਆਂ ਵਸਤਾਂ ਸ਼ਾਮਲ ਹਨ ਲੈ ਕੇ ਚੱਲੇ ਹਨ। ਕਿਸੇ ਕਿਸਮ ਬਿਨਾਂ ਕਿਸੇ ਸਵਾਰਥ ਦੇ ਮਾਨਵਤਾ ਦੀ ਸੇਵਾ ਲਈ ਇਸ ਸਫ਼ਰ ਚ ਨਿਕਲੇ ਹਨ। ਉਨ੍ਹਾਂ ਕਿਹਾ ਕਿ ਰਾਹ ਚ ਜਿੱਥੇ ਵੀ ਲੋਕ ਮਿਲਦੇ ਹਨ ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹਨ ਅਤੇ ਖਾਣਾ ਪੀਣਾ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਅਗਲੇ ਕਿਸ ਪੜਾਅ ਚ ਰਾਤ ਕਿਥੇ ਕਟੱਣੀ ਹੈ। ਹਿੰਦੂ ਹੋਵੇ ਜਾਂ ਮੁਸਲਿਮ , ਸਿੱਖ ਜਾਂ ਇਸਾਈ ਭਾਈਚਾਰੇ ਦੇ ਲੋਕ ਹਰ ਵਰਗ ਉਨ੍ਹਾਂ ਨੂੰ ਪੂਰਾ ਸਪੋਰਟ ਕਰ ਰਿਹਾ ਹੈ। ਰਾਤ ਨੂੰ ਉਨ੍ਹਾਂ ਲਈ ਗੁਰਦੁਆਰੇ, ਮਸਜਿਦ ਅਤੇ ਮੰਦਿਰ ਜਿੱਥੇ ਵੀ ਜਗਾ ਮਿਲਦੀ ਹੈ ਸੋ ਜਾਂਦੇ ਹਨ। ਕਾਦੀਆਂ ਚ ਉਹ ਕੁੱਝ ਸਮੇਂ ਲਈ ਜਮਾਤੇ ਅਹਿਮਦੀਆ ਦੇ ਹੈੱਡ ਕਵਾਟਰ ਵੀ ਪਹੁੰਚੇ।