ਹੈਰੀਅਰ ਕਾਰ, ਫ਼ੋਨ ਤੇ ਡੀਵੀਆਰ ਵੀ ਲੈ ਗਏ ਨਾਲ
ਗੁਰਦਾਸਪੁਰ, 5 ਮਾਰਚ 2026 (ਮੰਨਣ ਸੈਣੀ)। ਜੇਲ੍ਹ ਰੋਡ ਸਥਿਤ ਸਕੀਮ ਨੰਬਰ 5 ਵਿੱਚ ਬੁੱਧਵਾਰ ਸਵੇਰੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਹਥਿਆਰਬੰਦ ਅਣਪਛਾਤੇ ਨਿਹੰਗ ਦੇ ਬਾਣੇ ਵਿੱਚ ਆਏ ਬਦਮਾਸ਼ਾਂ ਨੇ ਸਰਾਫ਼ੀ ਦਾ ਕੰਮ ਕਰਦੇ ਵਰੁਣ ਮਹਾਜਨ ਦੇ ਘਰ ‘ਤੇ ਫ਼ਿਲਮੀ ਅੰਦਾਜ਼ ਵਿੱਚ ਧਾਵਾ ਬੋਲ ਦਿੱਤਾ। ਪਿਸਤੌਲ ਦੀ ਨੋਕ ‘ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇਰੇ ਕਰੀਬ 7 ਤੋਂ 8 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਤੇ ਜ਼ੇਵਰਾਤ ਲੁੱਟ ਕੇ ਫ਼ਰਾਰ ਹੋ ਗਏ।
ਵਰੁਣ ਮਹਾਜਨ ਦੀ ਪਤਨੀ ਨੇਹਾ ਮਹਾਜਨ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਉਨ੍ਹਾਂ ਦਾ ਡਰਾਈਵਰ ਸਰਬਜੀਤ ਸਿੰਘ ਬਾਹਰ ਗੱਡੀਆਂ ਸਾਫ਼ ਕਰ ਰਿਹਾ ਸੀ। ਹਥਿਆਰਬੰਦ ਅਣਪਛਾਤੇ ਨਿਹੰਗ ਦੇ ਬਾਣੇ ਵਿੱਚ ਆਏ ਚਾਰ ਪੰਜ ਬਦਮਾਸ਼ਾਂ ਨੇ ਪਹਿਲਾਂ ਡਰਾਈਵਰ ਨਾਲ ਗੱਲਬਾਤ ਕੀਤੀ ਅਤੇ ਫਿਰ ਉਸਨੂੰ ਮਾਲਕ ਨੂੰ ਬੁਲਾਉਣ ਦੇ ਬਹਾਨੇ ਅੰਦਰ ਭੇਜਿਆ। ਜਿਵੇਂ ਹੀ ਡਰਾਈਵਰ ਘਰ ਦੇ ਅੰਦਰ ਗਿਆ, ਸਾਰੇ ਬਦਮਾਸ਼ ਵੀ ਉਸਦੇ ਪਿੱਛੇ-ਪਿੱਛੇ ਘਰ ਵਿੱਚ ਦਾਖ਼ਲ ਹੋ ਗਏ।

ਅੰਦਰ ਵੜਦੇ ਹੀ ਲੁਟੇਰਿਆਂ ਵੱਲੋਂ ਵਰੁਣ ਮਹਾਜਨ ‘ਤੇ ਸੋਸ਼ਲ ਮੀਡੀਆ ‘ਤੇ ਗੁਰੂਆਂ ਦੀ ਬੇਅਦਬੀ ਕਰਨ ਦਾ ਦੋਸ਼ ਲਾਇਆ ਗਿਆ। ਇਸੇ ਬਹਾਨੇ ਪਰਿਵਾਰ ਦਾ ਧਿਆਨ ਭਟਕਾਉਂਦੇ ਹੋਏ ਦੋ ਲੁਟੇਰਿਆਂ ਨੇ ਨੇਹਾ ਮਹਾਜਨ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ ਅਤੇ ਸਾਰੇ ਘਰਵਾਲਿਆਂ ਨੂੰ ਇੱਕ ਥਾਂ ਇਕੱਠਾ ਕਰ ਲਿਆ। ਪਰਿਵਾਰ ਅਨੁਸਾਰ ਇੱਕ ਲੁਟੇਰਾ ਜਿਸਨੂੰ ਸਾਰੇ ਜਥੇਦਾਰ ਕਹਿ ਰਹੇ ਸਨ, ਹਿਦਾਇਤਾਂ ਦੇ ਰਿਹਾ ਸੀ।
ਪਰਿਵਾਰ ਅਨੁਸਾਰ ਬਦਮਾਸ਼ਾਂ ਨੂੰ ਇਹ ਵੀ ਪਤਾ ਸੀ ਕਿ 2009 ਵਿੱਚ ਵਰੁਣ ਮਹਾਜਨ ਦੀ ਦੁਕਾਨ ‘ਤੇ ਪਹਿਲਾਂ ਵੀ ਰੇਡ ਪੈ ਚੁੱਕੀ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਵਾਰਦਾਤ ਪੂਰੀ ਤਰ੍ਹਾਂ ਪਹਿਲਾਂ ਤੋਂ ਯੋਜਨਾਬੱਧ ਸੀ ਅਤੇ ਬਦਮਾਸ਼ਾਂ ਨੇ ਪਹਿਲਾਂ ਤੋਂ ਪੂਰੀ ਰੈਕੀ ਕੀਤੀ ਹੋਈ ਸੀ।

ਪਰਿਵਾਰ ਨੂੰ ਪੂਰੀ ਤਰ੍ਹਾਂ ਡਰਾਉਣ ਤੋਂ ਬਾਅਦ ਲੁਟੇਰਿਆਂ ਨੇ ਸਾਰੇ ਮੈਂਬਰਾਂ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਮੂੰਹ ‘ਤੇ ਪੱਟੀ ਲਾ ਦਿੱਤੀ। ਇਸ ਤੋਂ ਬਾਅਦ ਪੇਟੀਆਂ ਦੀਆਂ ਚਾਬੀਆਂ ਮੰਗ ਕੇ ਘਰ ਵਿੱਚ ਰੱਖੀਆਂ ਤਿੰਨ ਤੋਂ ਚਾਰ ਤਿਜੌਰੀਆਂ ਖੁਲ੍ਹਵਾਈਆਂ ਅਤੇ ਕਰੋੜਾਂ ਦੀ ਨਕਦੀ ਤੇ ਕੀਮਤੀ ਗਹਿਣੇ ਲੁੱਟ ਲਏ।
ਬਦਮਾਸ਼ਾਂ ਦੀ ਚਲਾਕੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਘਰਵਾਲਿਆਂ ਤੋਂ ਪੁੱਛਿਆ ਕਿ ਕਿਹੜੀ ਗੱਡੀ ਵਿੱਚ ਜੀਪੀਐੱਸ ਨਹੀਂ ਲੱਗਾ। ਜਵਾਬ ਮਿਲਣ ਤੋਂ ਬਾਅਦ ਉਹ ਟਾਟਾ ਹੈਰੀਅਰ ਕਾਰ ਅਤੇ ਪਰਿਵਾਰ ਦੇ ਮੋਬਾਈਲ ਫ਼ੋਨ ਵੀ ਆਪਣੇ ਨਾਲ ਲੈ ਗਏ, ਤਾਂ ਜੋ ਉਨ੍ਹਾਂ ਨੂੰ ਟਰੈਕ ਨਾ ਕੀਤਾ ਜਾ ਸਕੇ।
ਸਬੂਤ ਮਿਟਾਉਣ ਲਈ ਬਦਮਾਸ਼ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਤਾਂ ਨਾਲ ਲੈ ਹੀ ਗਏ, ਨਾਲ ਹੀ ਚਿੱਪ ਵਾਲੇ ਕੈਮਰੇ ਵੀ ਤੋੜ ਕੇ ਆਪਣੇ ਨਾਲ ਲੈ ਗਏ।

ਵਾਰਦਾਤ ਦੀ ਸੂਚਨਾ ਮਿਲਦੇ ਹੀ ਕਈ ਸੀਨੀਅਰ ਆਗੂ ਮੌਕੇ ‘ਤੇ ਪਹੁੰਚੇ ਜਿਨ੍ਹਾਂ ਵਿੱਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ, ਭਾਜਪਾ ਦੇ ਪੰਜਾਬ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਗੇਲ ਸਿੰਘ ਬਾਹੀਆ ਅਤੇ ਆਪ ਦੇ ਹਲਕਾ ਇੰਚਾਰਜ ਰਮਨ ਬਹਿਲ ਸ਼ਾਮਲ ਰਹੇ। ਸਾਰਿਆਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਪੁਲਿਸ ਅਧਿਕਾਰੀਆਂ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਐਸਐਸਪੀ ਗੁਰਦਾਸਪੁਰ ਅਦਿੱਤਯ ਵੱਲੋਂ ਆਪ ਜਾ ਕੇ ਜਾਇਜਾ ਲਿਆ ਗਿਆ ਅਤੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਛਾਨਬੀਨ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਇਸ ਵਾਰਦਾਤ ਨਾਲ ਪੂਰੇ ਗੁਰਦਾਸਪੁਰ ਦੇ ਸਰਾਫ਼ਾ ਕਾਰੋਬਾਰੀ ਵਰਗ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ।