Close

Recent Posts

ਗੁਰਦਾਸਪੁਰ

ਵਿਦਿਆਰਥੀਆਂ ਦੀ ਸੁਰੱਖਿਆ ਸੰਬੰਧੀ ਜ਼ਿਲ੍ਹਾ ਪੱਧਰੀ ਇੱਕ ਰੋਜਾ ਓਰੀਐਂਟੇਸ਼ਨ ਪ੍ਰੋਗਰਾਮ

ਵਿਦਿਆਰਥੀਆਂ ਦੀ ਸੁਰੱਖਿਆ ਸੰਬੰਧੀ ਜ਼ਿਲ੍ਹਾ ਪੱਧਰੀ ਇੱਕ ਰੋਜਾ ਓਰੀਐਂਟੇਸ਼ਨ ਪ੍ਰੋਗਰਾਮ
  • PublishedMarch 3, 2026

ਜ਼ਿਲ੍ਹੇ ਦੇ 208 ਸਕੂਲਾਂ ਦੇ ਗਾਈਡੈਂਸ ਕਾਊਂਸਲਰਾਂ ਨੇ ਲਿਆ ਹਿੱਸਾ

ਗੁਰਦਾਸਪੁਰ 3 ਮਾਰਚ 2026 (ਮੰਨਨ ਸੈਣੀ)–  ਵਿਦਿਆਰਥੀਆਂ ਦੀ ਸੇਫਟੀ ਅਤੇ ਸਕਿਉਰਟੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਮਗ੍ਰਾ ਸਿੱਖਿਆ ਅਭਿਆਨ ਅਧੀਨ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਇੱਕ ਰੋਜਾ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਫਸਰ ਪਰਮਜੀਤ ਕੌਰ ਦੀ ਦੇਖਰੇਖ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਸਫਲਤਾਪੂਰਵਕ ਸੰਪੰਨ ਹੋਇਆ, ਜਿਸ ਵਿੱਚ ਜ਼ਿਲ੍ਹੇ ਦੇ 208 ਗਾਈਡੈਂਸ ਕਾਊਂਸਲਰਾਂ ਨੇ ਭਾਗ ਲੈ ਕੇ ਪ੍ਰਸ਼ਿਕਸ਼ਣ ਪ੍ਰਾਪਤ ਕੀਤਾ।

ਇਸ ਮੌਕੇ ਰਾਜ ਪੱਧਰੀ ਟਰੇਨਿੰਗ  ਪ੍ਰਾਪਤ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ, ਸਹਾਇਕ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੁਕੇਸ਼ ਵਰਮਾ ਅਤੇ ਰਿਸੋਰਸ ਪਰਸਨ ਹਰਿਸ਼ ਕੁਮਾਰ ਵੱਲੋਂ ਵੱਖ-ਵੱਖ ਬਲਾਕਾਂ ਤੋਂ ਆਏ ਅਧਿਕਾਰੀਆਂ ਅਤੇ ਕਾਊਂਸਲਰਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਸੰਬੰਧਿਤ ਅਹਿਮ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੌਰਾਨ ਪੋਕਸੋ ਐਕਟ 2012, ਜੂਵੈਨਾਈਲ ਜਸਟਿਸ ਐਕਟ 2015, ਚਾਈਲਡ ਲੇਬਰ ਐਕਟ 1986, ਸੀਪੀਸੀਆਰ ਐਕਟ 2005, ਆਰਟੀਈ ਐਕਟ 2009, ਸੁਪਰੀਮ ਕੋਰਟ ਦੇ ਫੈਸਲੇ, ਐਨਡੀਐਮਏ ਗਾਈਡਲਾਈਨਜ਼ 2021, ਡਿਜਾਸਟਰ ਮੈਨੇਜਮੈਂਟ, ਸਾਇਬਰ ਸਕਿਊਰਟੀ ਅਤੇ ਰੋਡ ਸੇਫਟੀ ਵਰਗੇ ਵਿਸ਼ਿਆਂ ‘ਤੇ ਵਿਸਥਾਰ ਨਾਲ ਪ੍ਰਸ਼ਿਕਸ਼ਣ ਦਿੱਤਾ ਗਿਆ, ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਅਤੇ ਸੁਰੱਖਿਆ ਮਾਪਦੰਡਾਂ ਬਾਰੇ ਪੂਰੀ ਜਾਣਕਾਰੀ ਮਿਲ ਸਕੇ।

ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਸਿੱਖਿਆ ਸੰਸਥਾਵਾਂ ਵਿੱਚ ਸੁਰੱਖਿਆ ਦੇ ਮਾਪਦੰਡ ਪੂਰੀ ਤਰ੍ਹਾਂ ਲਾਗੂ ਕੀਤੇ ਜਾਣ, ਤਾਂ ਵਿਦਿਆਰਥੀਆਂ ਦਾ ਮਾਨਸਿਕ ਸੰਤੁਲਨ ਮਜ਼ਬੂਤ ਰਹਿੰਦਾ ਹੈ ਅਤੇ ਉਹ ਆਪਣੀ ਪੂਰੀ ਯੋਗਤਾ ਨਾਲ ਜੀਵਨ ਵਿੱਚ ਅੱਗੇ ਵੱਧ ਸਕਦੇ ਹਨ। ਸਹਾਇਕ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੁਕੇਸ਼ ਵਰਮਾ ਨੇ ਪੋਕਸੋ ਐਕਟ ਅਤੇ ਹੋਰ ਸੁਰੱਖਿਆ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਰਿਸੋਰਸ ਪਰਸਨ ਹਰਿਸ਼ ਕੁਮਾਰ ਨੇ ਕਰੀਅਰ ਐਡਵਾਈਜ਼ਰ ਐਪ ਦੀ ਪ੍ਰਯੋਗ  ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦੌਰਾਨ ਅਸ਼ਵਨੀ ਕਾਚਰੂ ਨੇ ਹੋਟਲ ਮੈਨੇਜਮੈਂਟ ਕਾਲਜ ਦੀਆਂ ਉਪਲਬਧੀਆਂ ਅਤੇ ਸੰਬੰਧਿਤ ਡਿਗਰੀਆਂ ਦੇ ਲਾਭਾਂ ਬਾਰੇ ਕਾਊਂਸਲਰਾਂ ਨੂੰ ਜਾਣੂ ਕਰਵਾਇਆ, ਤਾਂ ਜੋ ਉਹ ਵਿਦਿਆਰਥੀਆਂ ਨੂੰ ਹੋਟਲ ਮੈਨੇਜਮੈਂਟ ਖੇਤਰ ਵਿੱਚ ਉਜਲੇ ਭਵਿੱਖ ਲਈ ਪ੍ਰੇਰਿਤ ਕਰ ਸਕਣ। ਇਸ ਮੌਕੇ ਪ੍ਰਿੰਸੀਪਲ ਅਸ਼ਵਨੀ ਕਾਚਰੂ, ਪ੍ਰੋਫੈਸਰ ਭੂਪਿੰਦਰ ਸਿੰਘ ਸਮੇਤ ਜ਼ਿਲ੍ਹੇ ਭਰ ਤੋਂ ਆਏ ਸਿੱਖਿਆ ਵਿਦਵਾਨ ਹਾਜ਼ਰ ਰਹੇ।

Written By
The Punjab Wire