ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਅੰਤਰਰਾਸ਼ਟਰੀ ਸਰਹੱਦ ਨੇੜੇ ਚੈਕ ਪੋਸਟ ‘ਤੇ ਦੋ ਪੁਲਿਸ ਕਰਮਚਾਰੀਆਂ ਦਾ ਗੋਲੀਆਂ ਮਾਰ ਕੇ ਹੋਇਆ ਕਤਲ

ਅੰਤਰਰਾਸ਼ਟਰੀ ਸਰਹੱਦ ਨੇੜੇ ਚੈਕ ਪੋਸਟ ‘ਤੇ ਦੋ ਪੁਲਿਸ ਕਰਮਚਾਰੀਆਂ ਦਾ ਗੋਲੀਆਂ ਮਾਰ ਕੇ ਹੋਇਆ ਕਤਲ
  • PublishedFebruary 22, 2026

ਅਣਪਛਾਤਿਆਂ ਖ਼ਿਲਾਫ ਮਾਮਲਾ ਦਰਜ; ਅੱਤਵਾਦੀ ਹਮਲਾ, ਡਰੋਨ ਤਸਕਰੀ ਤੇ ਸੰਭਾਵਿਤ ਘੁਸਪੈਠ ਸਮੇਤ ਕਈ ਪੱਖਾਂ ਤੋਂ ਜਾਂਚ ਜਾਰੀ

ਗੁਰਦਾਸਪੁਰ, 22 ਫਰਵਰੀ 2026 (ਮੰਨਣ ਸੈਣੀ)। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਪੁਲਿਸ ਚੈਕ ਪੋਸਟ ‘ਤੇ ਡਿਊਟੀ ਦੌਰਾਨ ਦੋ ਪੁਲਿਸ ਕਰਮਚਾਰੀਆਂ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਦੋਰਾਂਗਲਾ ਸੈਕਟਰ ਹੇਠ ਆਉਂਦੇ ਪਿੰਡ ਆਧੀਆਂ ਵਿਖੇ ਵਾਪਰੀ, ਜਿਸਨੂੰ ਸੁਰੱਖਿਆ ਪੱਖੋਂ ਸੰਵੇਦਨਸ਼ੀਲ ਇਲਾਕਾ ਮੰਨਿਆ ਜਾਂਦਾ ਹੈ। ਵਾਰਦਾਤ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਅਤੇ ਪੂਰੇ ਖੇਤਰ ਦੀ ਘੇਰਾਬੰਦੀ ਕਰਕੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਪੁਖਤਾ ਸੂਤਰਾਂ ਅਨੁਸਾਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਮ੍ਰਿਤਕਾਂ ਦੀ ਪਹਿਚਾਣ ਅਸਿਸਟੈਂਟ ਸਬ-ਇੰਸਪੈਕਟਰ (ਕਮਾਂਡੋ) ਗੁਰਨਾਮ ਸਿੰਘ ਅਤੇ ਹੋਮਗਾਰਡ ਅਸ਼ੋਕ ਕੁਮਾਰ ਵਜੋਂ ਹੋਈ ਹੈ। ਦੋਵੇਂ ਜਵਾਨ ਰਾਤ ਦੀ ਡਿਊਟੀ ‘ਤੇ ਤਾਇਨਾਤ ਸਨ। ਬੁੱਧਵਾਰ ਸਵੇਰੇ ਚੈਕ ਪੋਸਟ ਅੰਦਰ ਉਨ੍ਹਾਂ ਦੇ ਸ਼ਰੀਰ ਖੂਨ ਨਾਲ ਲਥਪਥ ਹਾਲਤ ਵਿੱਚ ਮਿਲੇ। ਪ੍ਰਾਰੰਭਿਕ ਜਾਂਚ ਵਿੱਚ ਦੋਵੇਂ ਦੇ ਸਰੀਰਾਂ ‘ਤੇ ਗੋਲੀਆਂ ਲੱਗਣ ਦੇ ਨਿਸ਼ਾਨ ਮਿਲੇ ਹਨ। ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਮੌਕੇ ‘ਤੇ ਪਹੁੰਚ ਗਏ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਅਣਪਛਾਤਿਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੂਜੇ ਪਾਸੇ ਅਧਿਕਾਰੀਆਂ ਵੱਲੋਂ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਕਈ ਪੱਖਾਂ ਤੋਂ ਜਾਂਚ ਸ਼ੁਰੂ ਕੀਤੀ ਗਈ ਹੈ। ਫ਼ੋਰੈਂਸਿਕ ਮਾਹਿਰਾਂ ਅਤੇ ਤਕਨੀਕੀ ਟੀਮਾਂ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਦਕਿ ਆਸ-ਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਅਭਿਆਨ ਜਾਰੀ ਹੈ

ਸਰੋਤਾਂ ਮੁਤਾਬਕ ਪ੍ਰਾਰੰਭਿਕ ਤੌਰ ‘ਤੇ ਇਹ ਸੰਦੇਹ ਜਤਾਇਆ ਜਾ ਰਿਹਾ ਹੈ ਕਿ ਦੇਰ ਰਾਤ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਕਿਸੇ ਗੈਰਕਾਨੂੰਨੀ ਖੇਪ ਨੂੰ ਚੁੱਕਣ ਆਏ ਸੰਦੇਹੀਆਂ ਨਾਲ ਪੁਲਿਸ ਕਰਮਚਾਰੀਆਂ ਦਾ ਸਾਹਮਣਾ ਹੋਇਆ ਹੋ ਸਕਦਾ ਹੈ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਜਾਂਚ ਏਜੰਸੀਆਂ ਇਸ ਸੰਭਾਵਨਾ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਘਟਨਾ ਕਿਸੇ ਸੰਗਠਿਤ ਅਪਰਾਧਿਕ ਗਿਰੋਹ ਨਾਲ ਜੁੜੀ ਹੋ ਸਕਦੀ ਹੈ। ਨਾਲ ਹੀ, ਸਰਹੱਦ ਪਾਰੋਂ ਸੰਭਾਵਿਤ ਘੁਸਪੈਠ ਦੇ ਪੱਖ ਨੂੰ ਵੀ ਜਾਂਚ ਦੇ ਦਾਇਰੇ ਵਿੱਚ ਰੱਖਿਆ ਗਿਆ ਹੈ, ਇਸ ਪੱਖੋ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇੱਹ ਕੋਈ ਅੱਤਵਾਦੀ ਘਟਨਾ ਨਾ ਹੋਵੇ, ਪਰ ਕੋਈ ਵੀ ਅਧਿਕਾਰੀ ਇਸ ਬਾਬਤ ਫਿਲਹਾਲ ਕੁਝ ਨਹੀਂ ਬੋਲ ਰਿਹਾ।

ਗੁਰਦਾਸਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ (ਐਸਐਸਪੀ) ਆਦਿਤਿਆ ਨੇ ਮੌਕੇ ਦਾ ਦੌਰਾ ਕਰਨ ਤੋਂ ਬਾਅਦ ਮੀਡਿਆ ਨੂੰ ਸਿਰਫ਼ ਇਹ ਕਿਹਾ ਕਿ ਮਾਮਲੇ ਦੀ ਹਰ ਦਿਸ਼ਾ ਵਿੱਚ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਕਿਸੇ ਸੰਦੇਹੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋ ਸਕੀ ਸੀ।

ਸੰਵੇਦਨਸ਼ੀਲ ਸਰਹੱਦੀ ਖੇਤਰ ਵਿੱਚ ਡਿਊਟੀ ਨਿਭਾ ਰਹੇ ਜਵਾਨਾਂ ਨਾਲ ਵਾਪਰੀ ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਜਾਂਚ ਮੁਕੰਮਲ ਹੋਣ ਉਪਰੰਤ ਹੀ ਹਕੀਕਤੀ ਕਾਰਣਾਂ ਦਾ ਖੁਲਾਸਾ ਹੋ ਸਕੇਗਾ। ਹਾਲਾਕਿ ਇਸ ਦੇ ਨਾਲ ਹੀ ਇੱਕ ਪੋਸਟ ਵਾਇਰਲ ਕਰਦੇ ਹੋਏ ਇੱਕ ਅੱਤਵਾਦੀ ਸੰਗਠਨ ਦਾ ਨਾਮ ਲੈਂਦੇ ਹੋਏ ਇਸ ਦੀ ਜਿੰਮੇਵਾਰੀ ਲੈਣ ਦੀ ਵੀ ਗੱਲ ਕਹੀ ਗਈ, ਪਰ ਆਲਾ ਅਧਿਕਾਰੀਆਂ ਅਤੇ ਅੱਤਵਾਦ ਸੰਗਠਨਾ ਤੇ ਕੜੀ ਨਜਰ ਰੱਖਣ ਵਾਲੇ ਮਾਹਿਰਾ ਨੇ ਇਸ ਪੋਸਟ ਨੂੰ ਫਿਲਹਾਲ ਫੇਕ ਹੀ ਕਰਾਰ ਦਿੱਤਾ ਹੈ ਜੱਦਕਿ ਸੱਚਾਈ ਹਾਲੇ ਸਾਹਮਣੇ ਆਉਣੀ ਬਾਕੀ ਹੈ।

Written By
The Punjab Wire