Close

Recent Posts

ਗੁਰਦਾਸਪੁਰ

ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਗੁਰਦਾਸਪੁਰ ਪਹੁੰਚੇ

ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਗੁਰਦਾਸਪੁਰ ਪਹੁੰਚੇ
  • PublishedFebruary 8, 2026


ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ ਤੇ ਪੰਚਾਂ-ਸਰਪੰਚਾਂ ਨਾਲ ਕੀਤੀ ਮੀਟਿੰਗ

ਕਮਿਸ਼ਨ ਦਾ ਮੁੱਖ ਉਦੇਸ਼ ਹਰ ਨਾਗਰਿਕ ਨੂੰ ਸੰਵਿਧਾਨ ਅਨੁਸਾਰ ਪ੍ਰਾਪਤ ਮੌਲਿਕ ਅਧਿਕਾਰਾਂ ਦੀ ਪੂਰੀ ਸੁਰੱਖਿਆ ਮਿਲੇ- ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ

ਕਿਹਾ-ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਮ੍ਰਿਤਕ ਸਰੀਰਾਂ ਦੇ ਸਨਮਾਨ ਵਾਸਤੇ  ਹਸਪਤਾਲਾਂ ਲਈ ਐਡਵਾਈਜਰੀ ਜਾਰੀ

ਜੇਕਰ ਕਿਤੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਤਾਂ ਇਸ ਸਬੰਧੀ ਲਿਖਤੀ ਸ਼ਿਕਾਇਤ ਵਟਸਐੱਪ ਨੰਬਰ 9855475547 ‘ਤੇ ਭੇਜੀ ਜਾ ਸਕਦੀ ਹੈ

ਮਾਣਯੋਗ ਮੈਂਬਰ ਸ੍ਰੀ ਸ਼ੰਟੀ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਰਾਹਨਾ



ਗੁਰਦਾਸਪੁਰ, 8 ਫਰਵਰੀ 2026 (ਮੰਨਨ ਸੈਣੀ)–  ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਵੱਲੋਂ ਅੱਜ  ਗੁਰਦਾਸਪੁਰ ਵਿਖੇ ਪਹੁੰਚੇ  ਅਤੇ ਉਨ੍ਹਾਂ ਵਲੋਂ ਮਨੁੱਖੀ ਅਧਿਕਾਰਾਂ ਸਬੰਧੀ ਉਪਾਆਂ ਨੂੰ ਜ਼ਮੀਨੀ ਪੱਧਰ ‘ਤੇ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ।

ਮਾਣਯੋਗ ਮੈਂਬਰ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਦੇ ਕਾਨਫਰੰਸ ਹਾਲ ਵਿਖੇ ਡਿਪਟੀ ਕਮਿਸ਼ਨਰ , ਸਿਵਲ ਤੇ ਪੁਲਿਸ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਪੰਚਾਂ- ਸਰਪੰਚਾਂ ਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਮਾਣਯੋਗ ਮੈਂਬਰ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਰਾਜ ਅੰਦਰ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਲੰਘਣਾ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਿਰੰਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।   ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮੁੱਖ ਉਦੇਸ਼ ਹੈ ਕਿ ਹਰ ਨਾਗਰਿਕ ਨੂੰ ਸੰਵਿਧਾਨ ਅਨੁਸਾਰ ਪ੍ਰਾਪਤ ਮੌਲਿਕ ਅਧਿਕਾਰਾਂ ਦੀ ਪੂਰੀ ਸੁਰੱਖਿਆ ਮਿਲੇ ਅਤੇ ਕਿਸੇ ਵੀ ਤਰ੍ਹਾਂ ਦਾ ਅਨਿਆਂ ਨਾ ਹੋਵੇ।

ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਐਡਵਾਇਜ਼ਰੀ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਮਨੁੱਖਤਾ ਦੀ ਭਲਾਈ ਲਈ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ।

ਸ੍ਰੀ ਸ਼ੰਟੀ ਨੇ ਇਹ ਵੀ ਦੱਸਿਆ ਕਿ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪਿਛਲੇ ਦਿਨੀੰ ਐਡਵਾਈਜਰੀ ਜਾਰੀ ਕੀਤੀ ਗਈ ਹੈ , ਜਿਸ ਤਹਿਤ ਕੋਈ ਵੀ ਹਸਪਤਾਲ ਮਰੀਜ਼ ਦੀ ਮੌਤ ਉਪਰੰਤ ਲਾਸ਼ ਨੂੰ ਹਸਪਤਾਲ ਦਾ ਬਿੱਲ ਨਾ ਦੇਣ ਦੇ ਮਾਮਲਿਆਂ ਵਿੱਚ ਲਾਸ਼ ਨੂੰ ਰੱਖ ਨਹੀਂ ਸਕਦਾ ਤੇ ਸਬੰਧਤ ਪਰਿਵਾਰ ਨੂੰ ਮ੍ਰਿਤਕ ਦੀ ਲਾਸ਼ ਦੇਣੀ ਲਾਜ਼ਮੀ ਕੀਤੀ ਗਈ ਹੈ। ਸਿਹਤ ਸੇਵਾਵਾਂ ਸਬੰਧੀ ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਜਾਰੀ ਐਡਵਾਈਜਰੀ ਦੇ ਬੋਰਡ ਹਸਪਤਾਲਾਂ ਵਿੱਚ ਲਗਵਾਏ ਜਾਣਗੇ। ਉਨ੍ਹਾਂ ਹਸਪਤਾਲਾਂ ਵਿੱਚ ਸਾਫ਼ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਕਿਹਾ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਫਾਈ ਕਰਮਚਾਰੀਆਂ ਦੀ ਭਲਾਈ ਲਈ ਵੀ ਐਡਵਾਈਜਰੀ ਜਾਰੀ ਕੀਤੀ ਗਈ ਹੈ, ਜਿਸ ਤਹਿਤ ਠੇਕੇਦਾਰਾਂ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਸਫਾਈ ਕਰਮਚਾਰੀਆਂ ਨੂੰ ਦਸਤਾਨੇ , ਕੱਪੜੇ , ਮਾਸਕ ਤੇ ਬੀਮਾ ਮੁਹੱਈਆ ਕਰਵਾਏਗਾ।

ਉਨ੍ਹਾਂ ਦੱਸਿਆ ਕਿ ਤੀਜੀ ਐਡਵਾਈਜਰੀ ਐਮਰਜੰਸੀ ਪਾਇਲਟ ਐਂਬੂਲੰਸ ਸਬੰਧੀ ਹੈ, ਜੋ ਅਗਲੇ ਦਿਨਾਂ ਵਿੱਚ ਲਾਗੂ ਹੋਵੇਗੀ। ਜਿਸ ਤਹਿਤ 112 ਨੰਬਰ ਡਾਇਲ ਕਰਨ ‘ਤੇ ਨੇੜਲੇ ਪੀ.ਸੀ.ਆਰ ਦੀ ਪਾਇਲਟ, ਹੰਗਾਮੀ ਹਾਲਤ ਵਿੱਚ ਐਂਬੂਲੰਸ ਦੇ ਅੱਗੇ ਚੱਲੇਗੀ ਤਾਂ ਜੀ ਮਰੀਜ਼ ਦੀ ਜਾਨ ਬਚਾਈ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਕਮਿਸ਼ਨ ਵੱਲੋਂ ਹਰ ਜ਼ਿਲ੍ਹੇ ਵਿਚ 15-15 ਵਿਅਕਤੀਆਂ ਦਾ ਕੋਰ ਗਰੁੱਪ ਬਣਾਇਆ ਜਾ ਰਿਹਾ ਹੈ, ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰਨਗੇ ਅਤੇ ਕਮਿਸ਼ਨ ਨਾਲ ਸਬੰਧਤ ਸ਼ਿਕਾਇਤਾਂ ਤੇ ਸਮੱਸਿਆਵਾਂ ਧਿਆਨ ਵਿਚ ਲਿਆਉਣਗੇ। ਇਹ ਮੈਂਬਰ ਗੈਰ ਸਿਆਸੀ ਹੋਣਗੇ ਤੇ 19 ਫਰਵਰੀ ਤੱਕ ਬਿਨੈ-ਪੱਤਰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 28 ਫਰਵਰੀ ਨੂੰ ਸਮੁੱਚੇ ਪੰਜਾਬ ਵਿੱਚ ਕੋਰ ਗਰੁੱਪ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਕਿਤੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਤਾਂ ਇਸ ਸਬੰਧੀ ਲਿਖਤੀ ਸ਼ਿਕਾਇਤ ਕਮਿਸ਼ਨਰ ਨੂੰ ਦਿੱਤੀ ਜਾਵੇ ਜਿਸ ਤੇ ਦੋ ਦਿਨਾਂ ਅੰਦਰ ਯਕੀਨਨ ਕਾਰਵਾਈ ਹੋਵੇਗੀ। 

ਉਨ੍ਹਾਂ ਕਿਹਾ ਕਿ ਜੇਕਰ ਕਿਤੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਤਾਂ ਇਸ ਸਬੰਧੀ ਲਿਖਤੀ ਸ਼ਿਕਾਇਤ ਵਟਸਐੱਪ ਨੰਬਰ 9855475547 ‘ਤੇ ਦਿੱਤੀ ਜਾਵੇ ਜਿਸ ਤੇ ਦੋ ਦਿਨਾਂ ਅੰਦਰ ਯਕੀਨਨ ਕਾਰਵਾਈ ਹੋਵੇਗੀ।

ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪਿੰਡਾਂ ਦੇ ਪੰਚਾਂ-ਸਰਪੰਚਾਂ ਵਲੋਂ ਆਪਣੀਆਂ ਮੁਸ਼ਕਿਲਾਂ ਵੀ ਦੱਸੀਆਂ ਗਈਆਂ, ਜਿਨ੍ਹਾਂ ਨੂੰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਹੱਲ ਕਰਨ ਦਾ ਯਕੀਨ ਦਿਵਾਇਆ ਗਿਆ।

ਮੀਟਿੰਗ ਦੌਰਾਨ ਮਾਣਯੋਗ ਮੈਂਬਰ ਸ੍ਰੀ ਸ਼ੰਟੀ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਰਾਹਨਾ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਕਮਿਸ਼ਨ ਦੇ ਮਾਣਯੋਗ ਮੈਂਬਰ ਨੂੰ ਯਕੀਨ ਦਿਵਾਇਆ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਸਬੰਧੀ ਹੋਰ ਵਡੇਰੇ ਯਤਨ ਕੀਤੇ ਜਾਣਗੇ ।

ਇਸ ਮੌਕੇ ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ), ਗੁਰਪ੍ਰੀਤ ਸਿੰਘ ਗਿੱਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),  ਗੁਰਦਾਸਪੁਰ, ਆਦਿਤਿਆ ਗੁਪਤਾ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ, ਜੁਗਰਾਜ ਸਿੰਘ ਐੱਸ.ਪੀ (ਐੱਚ) ਗੁਰਦਾਸਪੁਰ, ਆਦਿੱਤਿਆ ਸ਼ਰਮਾ ਐੱਸ ਡੀ ਐਮ ਡੇਰਾ ਬਾਬਾ ਨਾਨਕ, ਗੁਰਮੰਦਰ ਸਿੰਘ ਐੱਸ.ਡੀ.ਐੱਮ ਬਟਾਲਾ, ਸ੍ਰੀਮਤੀ ਜਯੋਤਸਨਾ ਸਿੰਘ ਐਸ.ਡੀ.ਐਮ ਕਲਾਨੌਰ/ਫਤਿਹਗੜ੍ਹ ਚੂੜੀਆਂ, ਜਸਕਰਨ ਸਿੰਘ ਜ਼ਿਲ੍ਹਾ ਮਾਲ ਅਫਸਰ, ਤੇਜਿੰਦਰਪਾਲ ਸਿੰਘ ਡੀ.ਐਸ.ਪੀ ਬਟਾਲਾ ਸਮੇਤ ਵਿਭਾਗਾਂ ਦੇ ਅਧਿਕਾਰੀ ਆਦਿ ਮੌਜੂਦ ਸਨ।

Written By
The Punjab Wire