ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਕੇ ਨਸ਼ਿਆਂ ਨੂੰ ਜੜੋਂ ਖਤਮ ਕਰਨਾ-ਰਮਨ ਬਹਿਲ
ਗੁਰਦਾਸਪੁਰ, 9 ਜਨਵਰੀ 2026 (ਮੰਨਨ ਸੈਣੀ)— ਰਮਨ ਬਹਿਲ, ਹਲਕਾ ਇੰਚਾਰਜ ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਚਰਨ ਦੀ ਸ਼ੁਰੂਆਤ ਕੱਲ੍ਹ 10 ਜਨਵਰੀ ਤੋਂ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਅੱਜ ਸਥਾਨਕ ਬਲਾਕ ਡਿਵੈਲਪਮੈਂਟ ਦਫਤਰ ਵਿਖੇ ਵਿਲੇਜ਼ ਡਿਫੈਂਸ ਕਮੇਟੀ ਦੇ ਚੇਅਰਮੈਨ, ਮੈਂਬਰਾਂ, ਸਰਪੰਚ, ਪੰਚਾਇਤ ਮੈਂਬਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਯਾਤਰਾ ਪਿੰਡਾਂ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਆਮ ਲੋਕਾਂ ਦੇ ਘਰ-ਘਰ, ਗਲੀ-ਗਲੀ ਜਾ ਕੇ ਮੀਟਿੰਗਾਂ ਕਰਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਿੰਡਾਂ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਲੋਕਾਂ ਨੂੰ ਇਸ ਗੱਲ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਤਾਂ ਜੋ ਨਸ਼ਾ ਵੇਚਣ ਜਾਂ ਨਸ਼ਾ ਕਰਨ ਵਾਲੇ ਅਨਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾ ਸਕੇ ਅਤੇ ਉਨ੍ਹਾਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਾਈ ਜਾ ਸਕੇ।
ਸ੍ਰੀ ਬਹਿਲ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਅੱਜ ਦੀ ਇਹ ਮੀਟਿੰਗ ਸਫਲ ਸਾਬਤ ਹੋਵੇਗੀ ਅਤੇ ਨਸ਼ਿਆਂ ਵਿਰੁੱਧ ਚਲ ਰਹੀ ਇਹ ਮੁਹਿੰਮ, ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ, ਨੂੰ ਪਹਿਲੇ ਫੇਜ਼ ਵਾਂਗ ਹੀ ਵੱਡਾ ਹੁੰਗਾਰਾ ਮਿਲੇਗਾ।
ਉਹਨਾਂ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਪਹਿਲੇ ਫੇਜ਼ ਦੇ ਨਤੀਜੇ ਸਭ ਦੇ ਸਾਹਮਣੇ ਹਨ, ਜਿਸ ਦੌਰਾਨ ਵੱਡੀ ਮਾਤਰਾ ਵਿੱਚ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਸ਼ੇ ਦੇ ਪੈਸਿਆਂ ਨਾਲ ਬਣਾਏ ਗਏ ਉਨ੍ਹਾਂ ਦੇ ਗੈਰਕਾਨੂੰਨੀ ਮਕਾਨ ਵੀ ਢਾਹੇ ਗਏ ਹਨ।
ਇਸ ਮੌਕੇ ਐੱਸ.ਡੀ.ਐੱਮ ਗੁਰਦਾਸਪੁਰ ਸ਼੍ਰੀਮਤੀ ਅਨੁਪ੍ਰੀਤ ਕੌਰ, ਬੀ.ਡੀ.ਪੀ.ਓ ਪਰਮਜੀਤ ਕੌਰ ਕਾਰਜਕਾਰੀ ਅਫ਼ਸਰ ਨਗਰ ਕੌਂਸਲ ਗੁਰਦਾਸਪੁਰ ਵਿਜੇ ਡੋਗਰਾ, ਯੁੱਧ ਨਸ਼ੇ ਵਿਰੁੱਧ ਮੁਹਿੰਮ ਹਲਕਾ ਕੋਆਰਡੀਨੇਟਰ ਨੀਰਜ਼ ਸਲਹੋਤਰਾ, ਵਾਈਸ ਕੋਆਰਡੀਨੇਟਰ ਰਣਜੀਤ ਸਿੰਘ ਪਾਹੜਾ, ਵਾਈਸ ਕੋਆਰਡੀਨੇਟਰ ਪਵਨ ਕੁਮਾਰ,
ਮੈਂਬਰ ਜ਼ਿਲ੍ਹਾ ਪ੍ਰੀਸ਼ਦ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰਣਜੀਤ ਸਿੰਘ ਅਤੇ ਬਾਵਾ ਬਹਿਲ ਆਦਿ ਹਾਜ਼ਰ ਸਨ l