Close

Recent Posts

ਗੁਰਦਾਸਪੁਰ

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
  • PublishedJanuary 6, 2026

ਸਹਾਇਕ ਕਮਿਸ਼ਨਰ (ਜਨਰਲ) ਗੁਰਦਾਸਪੁਰ ਰਾਹੀਂ ਰਾਸ਼ਟਰਪਤੀ ਤੇ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਮੰਗ ਪੱਤਰ

ਗੁਰਦਾਸਪੁਰ, 6 ਜਨਵਰੀ 2026 (ਮੰਨਨ ਸੈਣੀ)— ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਰਵੱਈਏ ਖ਼ਿਲਾਫ਼ ਅਤੇ ਚਿਰਾਂ ਤੋਂ ਲਟਕਦੀਆਂ ਮਜ਼ਦੂਰ ਮੰਗਾਂ ਮਨਵਾਉਣ ਲਈ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਹੋ ਕੇ ਸਾਥੀ ਜਸਵਿੰਦਰ ਸਿੰਘ ਛਿੱਤ , ਰੂਪ ਲਾਲ, ਸੁਭਾਸ਼ ਕੇਲੈ, ਦਲਬੀਰ ਸਿੰਘ ਭੋਲਾ,ਧੀਰ ਸਿੰਘ ਚਿਤੋੜਗੜ ਦੀ ਪ੍ਰਧਾਨਗੀ ਹੇਠ ਮਾਰਚ ਕਰਕੇ ਡੀਸੀ ਦਫ਼ਤਰ ਗੁਰਦਾਸਪੁਰ ਰੋਸ ਪ੍ਰਦਰਸ਼ਨ ਕਰਕੇ ਸ਼੍ਰੀ ਆਦਿਤਿਆ ਗੁਪਤਾ ਸਹਾਇਕ ਕਮਿਸ਼ਨਰ (ਜਨਰਲ) ਦੇ ਰਾਹੀਂ ਰਾਸ਼ਟਰਪਤੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਮ ਦਾ ਮੰਗ ਪੱਤਰ ਦਿੱਤਾ ਗਿਆ।

ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸ਼ਮਸ਼ੇਰ ਸਿੰਘ ਨਵਾਂ ਪਿੰਡ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਵਿਜੇ ਸੋਹਲ , ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਬਲਬੀਰ ਸਿੰਘ ਮੱਲ੍ਹੀ,ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਸਕੱਤਰ ਜਨਕ ਰਾਜ ਅਹਿਮਦਾਬਾਦ ਨੇ ਕਿਹਾ ਕਿ ਪੇਂਡੂ ਕਿਰਤੀਆਂ ਆਪਣੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ। ਪ੍ਰੰਤੂ ਇਹ ਡਾਢੇ ਦੁੱਖ ਅਤੇ ਰੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਸਾਡੀਆਂ ਹੱਕੀ ਮੰਗਾਂ ਪੂਰੀਆਂ ਕਰਨ ਵੱਲ ਜਾਂ ਤਾਂ ਉਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਂ ਫਿਰ ਫੋਕੇ ਐਲਾਨ ਕਰਕੇ ਸਾਰ ਦਿੱਤਾ ਜਾਂਦਾ ਹੈ। ਇਕ ਵੀ ਮੰਗ ਪੂਰੀ ਨਹੀਂ ਕੀਤੀ ਜਾਂਦੀ। ਆਗੂਆਂ ਕਿਹਾ ਕਿ ਵੀ-ਬੀ ‘ਜੀ ਰਾਮ ਜੀ’ ਕਾਨੂੰਨ ਰੱਦ ਕੀਤਾ ਜਾਵੇ ਅਤੇ ਮਨਰੇਗਾ ਕਾਨੂੰਨ ਮੁੜ ਬਹਾਲ ਕਰਕੇ ਸਾਰੇ ਨੂੰ ਪਰਿਵਾਰਾਂ ਨੂੰ 700 ਰੁਪਏ ਦੀ ਦਿਹਾੜੀ ਨਾਲ ਸਾਰਾ ਸਾਲ ਕੰਮ ਦਿੱਤਾ ਜਾਵੇ। ਇਸ ਐਕਟ ਦਾ ਘੇਰਾ ਵਧਾ ਕੇ ਸ਼ਹਿਰੀ ਮਜ਼ਦੂਰਾਂ ਨੂੰ ਵੀ ਬੱਝਵਾਂ ਗਰੰਟੀਸ਼ੁਦਾ ਰੁਜ਼ਗਾਰ ਦਿੱਤਾ ਜਾਵੇ। ਪੇਂਡੂ ਤੇ ਖੇਤ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ‘ਚ ਸ਼ਾਮਲ ਕੀਤਾ ਜਾਵੇ। ਕੰਮ ਨਾ ਮਿਲਣ ਦੀ ਸੂਰਤ ਵਿਚ ਘੱਟੋ ਘੱਟ 5000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਪੰਜਾਬ ਵਿਚ ਹੜ੍ਹਾਂ ਤੇ ਬਾਰਸ਼ਾਂ ਨਾਲ ਹੋਈ ਭਾਰੀ ਤਬਾਹੀ ਕਾਰਨ ਹੋਈਆਂ ਇਨਸਾਨੀ ਮੌਤਾਂ ਲਈ ਘੱਟੋ ਘੱਟ 25 ਲੱਖ ਰੁਪਏ, ਮਜ਼ਦੂਰਾਂ ਦੇ ਤਬਾਹ ਹੋਏ ਘਰਾਂ ਲਈ 15 ਲੱਖ ਰੁਪਏ, ਬਾਲਿਆਂ, ਗਾਡਰਾਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਰੁਪਏ ਦੀ ਰਾਸ਼ੀ ਗ੍ਰਾਂਟ, ਮਰੇ ਤੇ ਦੁਧਾਰੂ ਪਸ਼ੂਆਂ ਲਈ 1 ਲੱਖ ਰੁਪਏ ਅਤੇ ਮਜ਼ਦੂਰਾਂ ਦੀਆਂ ਟੁੱਟੀਆਂ ਕੰਮ ਦੀਆਂ ਦਿਹਾੜੀਆਂ ਦੀ ਭਰਪਾਈ ਲਈ 50 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ।ਸਾਰੇ ਲੋੜਵੰਦ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਅਤੇ ਮਕਾਨ ਉਸਾਰੀ ਵਾਸਤੇ 5 ਲੱਖ ਰੁਪਏ ਪ੍ਰਤੀ ਪਰਿਵਾਰ ਗਰਾਂਟ ਦਿੱਤੀ ਜਾਵੇ। ਪਹਿਲਾਂ ਕੱਟੇ ਹੋਏ ਪਲਾਟਾਂ ਦੇ ਤੁਰੰਤ ਕਬਜ਼ੇ ਦੁਆਏ ਜਾਣ।ਜਨਤਕ ਵੰਡ ਪ੍ਰਣਾਲੀ ਰਾਹੀਂ ਸਰਕਾਰੀ ਡਿਪੂਆਂ ਤੋਂ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਸਸਤੇ ਭਾਅ ਤੇ ਮੁੱਹਈਆਂ ਕਰਵਾਉਣ ਅਤੇ ਲੋੜਵੰਦਾਂ ਦੇ ਕੱਟੇ ਰਾਸ਼ਨ ਕਾਰਡ ਬਹਾਲ ਕੀਤੇ। ਬੁਢਾਪਾ, ਵਿਧਵਾ,ਅੰਗਹੀਣ ਤੇ ਆਸ਼ਰਿਤ ਪੈਨਸ਼ਨ ਘੱਟੋ ਘੱਟ 5000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ. ਉਮਰ ਦੀ ਹੱਦ, ਔਰਤਾਂ ਲਈ 55 ਸਾਲ ਅਤੇ ਮਰਦਾਂ ਦੀ 58 ਸਾਲ ਮਿੱਥੀ ਜਾਵੇ। ਚੋਣ ਵਾਅਦੇ ਅਨੁਸਾਰ ਔਰਤਾਂ ਨੂੰ ਪ੍ਰਤੀ ਮਹੀਨਾ 1100 ਰੁਪਏ ਦਿੱਤੇ ਜਾਣ ਅਤੇ ਰਹਿੰਦੀਆਂ ਚੋਣ ਗਰੰਟੀਆਂ ਵੀ ਪੂਰੀਆਂ ਕੀਤੀਆਂ ਜਾਣ।ਪੰਚਾਇਤੀ ਜ਼ਮੀਨ ਵਿਚੋਂ ਤੀਸਰਾ ਹਿੱਸਾ ਸਮੁੱਚੇ ਐੱਸ. ਸੀ. ਭਾਈਚਾਰੇ ਨੂੰ ਘੱਟ ਰੇਟ ਤੇ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਬੋਲੀ ਐਸ.ਸੀ. ਧਰਮਸ਼ਾਲਾ ਵਿੱਚ ਕੀਤੀ ਜਾਵੇ ਅਤੇ ਡੰਮੀ ਬੋਲੀਆਂ ਰੱਦ ਕੀਤੀਆਂ ਜਾਣ ।ਨਜ਼ੂਲ ਜਮੀਨਾਂ ਦੇ ਮਾਲਕੀ ਹੱਕ ਮਜਦੂਰਾਂ ਨੂੰ ਦਿੱਤੇ ਜਾਣ ਅਤੇ ਇਨ੍ਹਾਂ ਉਪਰ ਧਨਾਢਾਂ ਦੇ ਕੀਤੇ ਕਬਜੇ ਹਟਾਏ ਜਾਣ। ਆਬਾਦਕਾਰ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਨੂੰ ਉਜਾੜਨਾ ਬੰਦ ਕੀਤਾ ਜਾਵੇ ਅਤੇ ਆਬਾਦ ਕੀਤੀਆਂ ਜ਼ਮੀਨਾਂ ਸਮੇਤ ਪੰਚਾਇਤੀ ਤੇ ਸ਼ਾਮਲਾਟ ਥਾਵਾਂ/ਜ਼ਮੀਨਾਂ ਉੱਤੇ ਕਾਬਜ਼ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ।ਮਜ਼ਦੂਰਾਂ ਸਮੇਤ ਬੇਜ਼ਮੀਨੇ, ਥੁੜ ਜ਼ਮੀਨੇ ਤੇ ਗਰੀਬ ਕਿਸਾਨਾਂ ਸਿਰ ਚੜ੍ਹਿਆ ਸਰਕਾਰੀ, ਗੈਰ ਸਰਕਾਰੀ ਅਤੇ ਸਹਿਕਾਰੀ ਕਰਜ਼ਾ ਸਮੇਤ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਮੁਆਫ ਕੀਤਾ ਜਾਵੇ । ਕਰਜ਼ੇ ਅਤੇ ਗਰੀਬੀ ਕਾਰਨ ਖੁਦਕੁਸ਼ੀਆਂ ਕਰ ਗਏ ਮਜ਼ਦੂਰਾਂ-ਕਿਸਾਨਾਂ ਦੇ ਆਸ਼ਰਿਤਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਬਿਜਲੀ ਸੋਧ ਬਿੱਲ 2025 ਰੱਦ ਕੀਤਾ ਜਾਵੇ ਪ੍ਰੀਪੇਡ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ। ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਬਣਾਏ ਗਏ ਚਾਰ ਕੋਡਾਂ ਨੂੰ ਰੱਦ ਕਰਨ ਲਈ ਪੰਜਾਬ ਅਸੈਂਬਲੀ ਵਿੱਚ ਮਤਾ ਪਾਸ ਕੀਤਾ ਜਾਵੇ ਅਤੇ ਪੰਜਾਬ ਵਿੱਚ ਕਿਰਤੀਆਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ।ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜਮੀਨਾਂ ਬੇਜਮੀਨੇ ਮਜਦੂਰਾਂ ਅਤੇ ਥੁੜ ਜਮੀਨੇ ਕਿਸਾਨਾਂ ਵਿੱਚ ਮੁਫ਼ਤ ਵੰਡੀਆਂ ਜਾਣ।ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਔਰਤਾਂ ਉਤੇ ਹੁੰਦਾ ਜਾਤੀਪਾਤੀ, ਲਿੰਗਕ ਜਬਰ ਤੇ ਵਿਤਕਰਾ ਬੰਦ ਕੀਤਾ ਜਾਵੇ।ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ ਅਤੇ ਕਾਰਪੋਰੇਟ ਵਿਕਾਸ ਮਾਡਲ ਰੱਦ ਕੀਤਾ ਜਾਵੇ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਅਤੇ ਫੌਰੀ ਤੌਰ ਤੇ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ।

ਉਪਰੋਕਤ ਆਗੂਆਂ ਤੋਂ ਬਿਨ੍ਹਾਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੰਜੀਵ ਮਿੰਟੂ, ਬਿਮਲ ਕੌਰ,ਸ਼ਿਵ ਕੁਮਾਰ ਪਠਾਨਕੋਟ, ਮੇਜਰ ਸਿੰਘ ਕੋਟ ਟੋਡਰ ਮੱਲ,ਪ੍ਰੇਮ ਮਸੀਹ ਸੋਨਾ, ਧਿਆਨ ਸਿੰਘ ਠਾਕੁਰ, ਜਸਵੰਤ ਸਿੰਘ ਬੁੱਟਰ, ਜੋਗਿੰਦਰ ਪਾਲ ਲੇਹਲ, ਕੁਲਦੀਪ ਸਿੰਘ ਦੀਨਾਨਗਰ,ਬਚਨ ਸਿੰਘ ਬੋਪਾਰਾਏ,ਰਾਮ ਮੂਰਤੀ , ਸੱਜਣ ਸਿੰਘ ਰਊਵਾਲ,ਸੋਮ ਰਾਜ ਲਾਹੜੀ ਬੀਲਾ,ਗੁਰਵਿੰਦਰ ਸਿੰਘ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਨੇ ਸੰਬੋਧਨ ਕੀਤਾ।

Written By
The Punjab Wire