93 ਸਾਲ ਬਾਅਦ ਕਾਦੀਆਂ- ਬਿਆਸ ਰੇਲਵੇ ਲਾਈਨ ਦਾ ਡੀ-ਫ੍ਰੀਜ਼ ਹੋਣਾ ਮਾਝੇ ਲਈ ਇਤਿਹਾਸਿਕ ਫੈਸਲਾ – ਜਗਰੂਪ ਸਿੰਘ ਸੇਖਵਾਂ
ਕਾਦੀਆਂ/ਗੁਰਦਾਸਪੁਰ, 3 ਦਸੰਬਰ 2025 (ਮੰਨਨ ਸੈਣੀ)– ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਦੀਆਂ ਜਗਰੂਪ ਸਿੰਘ ਸੇਖਵਾਂ ਨੇ ਕਾਦੀਆਂ-ਬਿਆਸ 40 ਕਿਲੋਮੀਟਰ ਰੇਲਵੇ ਲਾਈਨ ਨੂੰ ਡੀ-ਫ੍ਰੀਜ਼ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਹ ਪ੍ਰੋਜੈਕਟ 1929 ਵਿੱਚ ਮੰਜ਼ੂਰ ਹੋਇਆ ਸੀ ਪਰ ਤਕਰੀਬਨ 93 ਸਾਲ ਤੋਂ ਅਟਕਿਆ ਪਿਆ ਸੀ।
ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਇਹ ਇਤਿਹਾਸਕ ਪ੍ਰਗਤੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਸੰਭਵ ਹੋਈ ਹੈ, ਜਿਨ੍ਹਾਂ ਨੇ ਰੇਲ ਮੰਤਰਾਲੇ ਨਾਲ ਮੁੜ ਮੁੜ ਇਹ ਮਾਮਲਾ ਉੱਠਾਇਆ।
ਉਹਨਾਂ ਨੇ ਕਿਹਾ ਕਿ ਇਹ ਰੇਲ ਲਿੰਕ ਵਿਸ਼ੇਸ਼ ਧਾਰਮਿਕ ਅਤੇ ਅੰਤਰਰਾਸ਼ਟਰੀ ਮਹੱਤਾ ਰੱਖਦਾ ਹੈ, ਕਿਉਂਕਿ ਕਾਦੀਆਂ ਅਹਿਮਦੀਆ ਮੁਸਲਿਮ ਕਮਿਊਨਿਟੀ ਦਾ ਵਿਸ਼ਵ ਹੈੱਡਕੁਆਰਟਰ ਹੈ। ਬਿਆਸ ਡੇਰਾ ਰਾਧਾ ਸੁਆਮੀ ਦਾ ਗਲੋਬਲ ਕੇਂਦਰ ਹੈ। ਦੋਵਾਂ ਆਧਿਆਤਮਿਕ ਕੇਂਦਰਾਂ ਵਿਚਕਾਰ ਰੇਲ ਸੰਪਰਕ ਬਣਨਾ ਸੰਗਤ, ਯਾਤਰੀਆਂ, ਸਥਾਨਕ ਲੋਕਾਂ, ਉਦਯੋਗ ਅਤੇ ਖੇਤੀਬਾੜੀ ਲਈ ਵੱਡੀ ਸਹੂਲਤ ਬਣੇਗਾ।
ਉਨਾਂ ਨੇ ਅੱਗੇ ਕਿਹਾ ਕਿ ਪ੍ਰੋਜੈਕਟ ਦੇ ਤਕਨੀਕੀ ਅੰਦਾਜ਼ੇ ਮੁੜ-ਤਿਆਰ ਹੋ ਰਹੇ ਹਨ ਅਤੇ ਕੰਮ ਨੂੰ ਜਲਦੀ ਅੱਗੇ ਵਧਾਇਆ ਜਾਵੇਗਾ, ਜਿਸ ਨਾਲ ਬਟਾਲਾ, ਕਾਦੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ।
ਜਗਰੂਪ ਸਿੰਘ ਸੇਖਵਾਂ ਨੇ ਰਾਜ ਅਤੇ ਕੇਂਦਰ ਸਰਕਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਝੇ ਦੇ ਲੋਕ ਇਸ ਫੈਸਲੇ ਨੂੰ 93 ਸਾਲਾਂ ਤੋਂ ਲਟਕਦੇ ਵਾਅਦੇ ਨੂੰ ਪੂਰੀ ਹੋਣ ‘ਤੇ ਹਮੇਸ਼ਾ ਯਾਦ ਰੱਖਣਗੇ।