ਗੁਰਦਾਸਪੁਰ

ਬਲਾਕ ਸੰਮਤੀ ਦੀ ਚੋਣ ਲੜਣ ਵਾਲੇ ਭਾਜਪਾ ਉਮੀਦਵਾਰ ਸਾਥੀਆਂ ਸਮੇਤ ਕਾਂਗਰਸ ਵਿੱਚ ਹੋਏ ਸ਼ਾਮਲ, ਡੁੱਗਰੀ ਪਿੰਡ ਤੋਂ ਲਈਆਂ ਸਨ ਸਭ ਤੋਂ ਵੱਧ ਵੋਟਾਂ

ਬਲਾਕ ਸੰਮਤੀ ਦੀ ਚੋਣ ਲੜਣ ਵਾਲੇ ਭਾਜਪਾ ਉਮੀਦਵਾਰ ਸਾਥੀਆਂ ਸਮੇਤ ਕਾਂਗਰਸ ਵਿੱਚ ਹੋਏ ਸ਼ਾਮਲ, ਡੁੱਗਰੀ ਪਿੰਡ ਤੋਂ ਲਈਆਂ ਸਨ ਸਭ ਤੋਂ ਵੱਧ ਵੋਟਾਂ
  • PublishedDecember 27, 2025

 ਉਮੀਦਵਾਰ ਦੀਪਕ ਰਾਜ ਦੇ ਫ਼ੈਸਲੇ ਨਾਲ ਭਾਜਪਾ ਨੂੰ ਲੱਗਾ ਜ਼ੋਰਦਾਰ ਝੱਟਕਾ, ਕਾਂਗਰਸ ਨੂੰ ਮਿਲੀ ਤਾਕਤ

ਦੀਨਾਨਗਰ, 27 ਦਸੰਬਰ 2025 (ਮੰਨਨ ਸੈਣੀ)— ਹਲਕੇ ਅੰਦਰ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਬਲਾਕ ਦੋਰਾਂਗਲਾ ਦੇ ਡੁੱਗਰੀ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਲੜਣ ਵਾਲੇ ਭਾਜਪਾ ਉਮੀਦਵਾਰ ਦੀਪਕ ਰਾਜ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਬਲਾਕ ਦੋਰਾਂਗਲਾ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਤਕੜੀ ਸੱਟ ਵੱਜੀ ਹੈ ਕਿਉਂਕਿ ਦੀਪਕ ਰਾਜ ਨੇ ਚੋਣਾਂ ਦੌਰਾਨ ਡੁੱਗਰੀ ਪਿੰਡ ਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਵਿਰੋਧੀ ਉਮੀਦਵਾਰਾਂ ਨੂੰ ਪਛਾੜਿਆ ਸੀ ਅਤੇ ਆਪਣੇ ਤਮਾਮ ਵੋਟਰਾਂ ਸਪੋਰਟਰਾਂ ਸਮੇਤ ਉਸ ਵੱਲੋਂ ਕਾਂਗਰਸ ਜੁਆਇੰਨ ਕਰਨ ਨਾਲ ਵਿਧਾਇਕਾ ਅਰੁਣਾ ਚੌਧਰੀ ਦੀ ਤਾਕਤ ਵਿੱਚ ਹੋਰ ਵਾਧਾ ਹੋਇਆ ਹੈ, ਜਿਸਦਾ ਸਿੱਧਾ ਫ਼ਾਇਦਾ ਉਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਵੇਗਾ। ਦੀਪਕ ਰਾਜ ਦੇ ਨਾਲ ਭਾਜਪਾ ਵਰਕਰ ਜਗੀਰ ਮਸੀਹ, ਪਲਵਿੰਦਰ ਸਿੰਘ ਰਿੰਕੂ, ਅਮਨਜੀਤ ਸਿੰਘ, ਬਿਆਸ ਮਸੀਹ, ਲਵਲੀਨ ਸਿੰਘ ਅਤੇ ਜਤਿੰਦਰ ਸਿੰਘ ਸੋਨੂੰ ਨੇ ਵੀ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਹੈ।

ਇਸ ਦੌਰਾਨ ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਤਮਾਮ ਆਗੂਆਂ ਅਤੇ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਣ-ਸਨਮਾਨ ਦਿੱਤੇ ਜਾਣ ਦਾ ਭਰੋਸਾ ਦਿੱਤਾ। ਅਸ਼ੋਕ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਵਰਕਰਾਂ ਦੀ ਕਦਰ ਕੀਤੀ ਜਾਂਦੀ ਹੈ ਅਤੇ ਪਾਰਟੀ ਹਰ ਔਖੀ ਘੜੀ ਵਿੱਚ ਵਰਕਰਾਂ ਦੇ ਨਾਲ ਖੜ੍ਹਦੀ ਹੈ। ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਤੋਂ ਚੋਣਾਂ ਲੜ ਕੇ ਵੱਡੀ ਤਾਦਾਦ ਚ ਵੋਟਾਂ ਹਾਸਲ ਕਰਨ ਵਾਲੇ ਉਮੀਦਵਾਰ ਵੀ ਹੁਣ ਕਾਂਗਰਸ ਵੱਲ ਆ ਰਹੇ ਹਨ, ਜੋ ਵਿਧਾਇਕਾ ਅਰੁਣਾ ਚੌਧਰੀ ਦੀ ਚੰਗਿਆਈ ਅਤੇ ਸਾਫ਼ ਅਕਸ ਦਾ ਨਤੀਜਾ ਹੈ।

ਇਸ ਮੌਕੇ ਬਲਾਕ ਸੰਮਤੀ ਦੀਨਾਨਗਰ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਸਾਬਕਾ ਚੇਅਰਮੈਨ ਦੋਰਾਂਗਲਾ ਅਮਰਜੀਤ ਸਿੰਘ ਬਹਿਰਾਮਪੁਰ, ਜ਼ੋਨ ਇੰਚਾਰਜ ਵਰਿੰਦਰ ਸਿੰਘ ਨੌਸ਼ਹਿਰਾ, ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਜੱਸਾ ਕਠਿਆਲੀ, ਸੰਮਤੀ ਮੈਂਬਰ ਲਖਵਿੰਦਰ ਸਿੰਘ ਦੋਰਾਂਗਲਾ, ਸਾਬਕਾ ਵਿਸ਼ੇਸ਼ ਸਹਾਇਕ ਅਤੇ ਮੀਡੀਆ ਇੰਚਾਰਜ ਦੀਪਕ ਭੱਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦਰਸ਼ਨ ਸਿੰਘ ਰੰਧਾਵਾ, ਬਲਾਕ ਸੰਮਤੀ ਮੈਂਬਰ ਦਿਨੇਸ਼ ਸ਼ਰਮਾ ਛੱਦੀ, ਬਲਾਕ ਸੰਮਤੀ ਮੈਂਬਰ ਬਲਬੀਰ ਚੰਦ, ਵਰਿੰਦਰ ਭਿੰਦਾ ਦੋਰਾਂਗਲਾ, ਪ੍ਰਭ ਧਾਰੋਚੱਕ, ਡਾ. ਸਤਨਾਮ ਸਿੰਘ ਵਜ਼ੀਰਪੁਰ, ਸਰਪੰਚ ਮਨਜੀਤ ਸਿੰਘ ਬਹਿਲੋਲਪੁਰ, ਹਰਜਿੰਦਰ ਸਿੰਘ ਗਵਾਲੀਆ, ਡਾ. ਅਸ਼ੋਕ ਕੁਮਾਰ ਨੋਨੀ ਅਤੇ ਮੁਕਲ ਦੋਰਾਂਗਲਾ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।   

Written By
The Punjab Wire