ਅਗਰਵਾਲ ਸਭਾ ਗੁਰਦਾਸਪੁਰ ਵੱਲੋਂ 54ਵਾਂ ਰਾਸ਼ਨ ਵੰਡ ਸਮਾਰੋਹ ਆਯੋਜਿਤ; ਲੋੜਵੰਦ ਪਰਿਵਾਰਾਂ ਦੀ ਸੇਵਾ ਦੇ 4 ਸਾਲ ਮੁਕੰਮਲ
ਗੁਰਦਾਸਪੁਰ, 19 ਦਿਸੰਬਰ 2025 (ਮਨਨ ਸੈਣੀ)। ਅਗਰਵਾਲ ਸਭਾ ਗੁਰਦਾਸਪੁਰ ਵੱਲੋਂ ਸਥਾਨਕ ਕੋਡੂਮਲ ਸਰਾਂ, ਮੰਡੀ ਗੁਰਦਾਸਪੁਰ ਵਿਖੇ 54ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਹ ਸਮਾਗਮ ਸਭਾ ਦੇ ਸਰਪ੍ਰਸਤ ਸ਼੍ਰੀ ਬਾਲਕਿਸ਼ਨ ਮਿੱਤਲ ਅਤੇ ਪ੍ਰਧਾਨ ਸ਼੍ਰੀ ਹੀਰਾਮਣੀ ਅਗਰਵਾਲ ਦੀ ਰਹਿਨੁਮਾਈ ਹੇਠ ਸੰਪੰਨ ਹੋਇਆ।
ਸਮਾਗਮ ਦੀ ਸ਼ੁਰੂਆਤ ਭਗਵਾਨ ਅਗਰਸੈਨ ਜੀ ਅਤੇ ਮਾਤਾ ਮਹਾਲਕਸ਼ਮੀ ਜੀ ਦੀ ਮੂਰਤੀ ਅੱਗੇ ਜੋਤ ਪ੍ਰਚੰਡ ਕਰਕੇ ਕੀਤੀ ਗਈ। ਇਸ ਮੌਕੇ ਸਭਾ ਦੇ ਸਰਪ੍ਰਸਤ ਸ਼੍ਰੀ ਬਾਲਕਿਸ਼ਨ ਮਿੱਤਲ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਮਾਗਮ ਵਿੱਚ ਪਹੁੰਚੇ ਸਮੂਹ ਅਗਰਵਾਲ ਭਾਈਚਾਰੇ ਦਾ ਸਵਾਗਤ ਕੀਤਾ।
ਸ਼੍ਰੀ ਮਿੱਤਲ ਨੇ ਦੱਸਿਆ ਕਿ ਅਗਰਵਾਲ ਸਭਾ ਗੁਰਦਾਸਪੁਰ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੀ ਹੈ। ਉਨ੍ਹਾਂ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਅੱਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਇਸ ਮੁਹਿੰਮ ਨੂੰ ਚਾਰ ਸਾਲ ਪੂਰੇ ਹੋ ਗਏ ਹਨ ਅਤੇ ਅੱਜ ਇਹ 54ਵਾਂ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਸ ਨੇਕ ਕਾਰਜ ਲਈ ਸਹਿਯੋਗ ਦੇਣ ਵਾਲੇ ਸਮੂਹ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਲੜੀ ਨਿਰੰਤਰ ਚੱਲ ਰਹੀ ਹੈ। ਇਸ ਉਪਰੰਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਂਟ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਾਜਨ ਮਿੱਤਲ, ਸ਼੍ਰੀ ਵਿਜੇ ਬਾਂਸਲ, ਸ਼੍ਰੀ ਇੰਦਰਮੋਹਨ ਅਗਰਵਾਲ, ਸ਼੍ਰੀ ਅਨਿਲ ਅਗਰਵਾਲ (ਰਿਟਾਇਰਡ ਐਸ.ਈ.), ਸ਼੍ਰੀ ਰਾਕੇਸ਼ ਗੋਇਲ, ਸ਼੍ਰੀ ਕੇਸ਼ਵ ਗੋਇਲ, ਸ਼੍ਰੀ ਗੌਰਵ ਅਗਰਵਾਲ ਅਤੇ ਸ਼੍ਰੀ ਰਮੇਸ਼ ਅਗਰਵਾਲ ਆਦਿ ਪਤਵੰਤੇ ਸੱਜਣ ਹਾਜ਼ਰ ਸਨ।