ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਪੰਜਾਬ ਸਰਕਾਰ ਦੇ ਨਾਂ ਡੀਸੀ ਨੂੰ ਮੰਗ ਪੱਤਰ ਸੌਂਪਿਆ
ਗੁਰਦਾਸਪੁਰ, 2 ਦਿਸੰਬਰ 2025 (ਮਨਨ ਸੈਣੀ)। ਪੰਜਾਬ ਵਿੱਚ ਵਿਗੜਦੀ ਜਾ ਰਹੀ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਨਾਂ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਵਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਲੁੱਟ-ਖੋਹ, ਫਿਰੌਤੀਆਂ, ਧਮਕੀਆਂ ਅਤੇ ਕਤਲ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਜਿਸ ਕਾਰਨ ਪੰਜਾਬ ਦਾ ਆਮ ਨਾਗਰਿਕ ਅਤੇ ਦੁਕਾਨਦਾਰ ਡਰ ਦੇ ਮਾਹੌਲ ਵਿੱਚ ਜੀਣ ਲਈ ਮਜਬੂਰ ਹਨ। ਦੇਸ਼ ਵਿਰੋਧੀ ਅਨਸਰਾਂ ਨੇ ਪੰਜਾਬ ਦਾ ਮਾਹੌਲ ਇਸ ਕਦਰ ਖਰਾਬ ਕਰ ਦਿੱਤਾ ਹੈ ਕਿ ਪੰਜਾਬ ਦੇ ਵਪਾਰੀ/ਦੁਕਾਨਦਾਰ ਹੀ ਇਸ ਦਾ ਨਿਸ਼ਾਨਾ ਬਣ ਰਹੇ ਹਨ। ਆਨਲਾਈਨ ਸ਼ਾਪਿੰਗ ਅਤੇ ਵੱਡੇ ਮਾਲਾਂ ਨੇ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਾਰੋਬਾਰ ਖਤਮ ਕਰਨ ਦੀ ਕਗਾਰ ‘ਤੇ ਪਹੁੰਚਾ ਦਿੱਤਾ ਹੈ। ਜ਼ਿਆਦਾਤਰ ਵਪਾਰੀ ਡਰ ਕੇ ਆਪਣਾ ਕਾਰੋਬਾਰ ਬੰਦ ਕਰਨ ਦੀ ਸੋਚ ਰਹੇ ਹਨ ਜਾਂ ਕਿਸੇ ਸੁਰੱਖਿਅਤ ਜਗ੍ਹਾ ‘ਤੇ ਜਾਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਵਪਾਰੀ ਅਜਿਹਾ ਵਰਗ ਹੈ, ਜੋ ਆਪਣਾ ਕਾਰੋਬਾਰ ਕਰਦਾ ਹੈ ਅਤੇ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦਿੰਦਾ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਦਾ ਪਾਲਣ-ਪੋਸ਼ਣ ਹੋ ਰਿਹਾ ਹੈ। ਉਹ ਸਰਕਾਰ ਦੇ ਖਜ਼ਾਨੇ ਵਿੱਚ ਟੈਕਸਾਂ ਦੇ ਰੂਪ ਵਿੱਚ ਵੱਡੀ ਆਰਥਿਕ ਸਹਾਇਤਾ ਕਰਦੇ ਹਨ, ਪਰ ਇਹ ਵਰਗ ਇਸ ਸਮੇਂ ਸਭ ਤੋਂ ਵੱਧ ਅਸੁਰੱਖਿਅਤ ਹੈ। ਪੰਜਾਬ ਦਾ ਕੋਈ ਅਜਿਹਾ ਸ਼ਹਿਰ ਜਾਂ ਕਸਬਾ ਨਹੀਂ ਹੈ ਜਿੱਥੇ ਵਪਾਰੀ ਦਾ ਕਤਲ ਜਾਂ ਲੁੱਟ ਨਾ ਹੋਈ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਸੁਧਾਰਨ ਲਈ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਤਾਂ ਜੋ ਇੱਥੋਂ ਦੇ ਨਾਗਰਿਕ ਅਤੇ ਵਪਾਰੀ ਸੁੱਖ-ਸ਼ਾਂਤੀ ਨਾਲ ਆਪਣਾ ਕਾਰੋਬਾਰ ਕਰ ਸਕਣ।
ਇਸ ਮੌਕੇ ਤੇ ਜੋਗਿੰਦਰਪਾਲ ਤੁਲੀ,ਪਵਨ ਕੌਛੜ, ਜੁਗਲ ਮਹਾਜਨ, ਅਜੇ ਸੂਰੀ, ਗੌਰਵ ਮਹਾਜਨ, ਸੁਰਿੰਦਰ ਮਹਾਜਨ, ਪੰਕਜ ਮਹਾਜਨ, ਮਿੰਟਾ ਸੂਰੀ, ਦੀਪਕ ਮਹਾਜਨ, ਉਮ ਪ੍ਰਕਾਸ਼ ਸ਼ਰਮਾ, ਯੋਗਰਾਜ ਮਹਾਜਨ, ਗੋਰਵ ਮਹਾਜਨ, ਅਮਨਪ੍ਰੀਤ ਸਿੰਘ ਆਦਿ ਮੌਜੂਦ ਸਨ।