ਜ਼ਖ਼ਮੀ ਔਰਤ ਦੇ ਸਕੈਨ ‘ਚ ਮਿਲੇ ਮੈਟਾਲਿਕ ਫਾਰਨ ਪਾਰਟੀਕਲ, ਅੰਮ੍ਰਿਤਸਰ ਰੈਫਰ, ਦੂਸਰੇ ਨੇ ਗੁਆਈ ਅੱਖ
ਧਮਾਕੇ ਦੇ ਅਸਲ ਕਾਰਨ ਸਾਹਮਣੇ ਆਉਣ ਤੋਂ ਬਾਦ ਹੀ ਜ਼ਖ਼ਮੀ ਹੋ ਸਕਦੇ ਹਨ ਮੁਆਵਜ਼ੇ ਦੇ ਹੱਕਦਾਰ
ਐਸਐਸਪੀ ਗੁਰਦਾਸਪੁਰ ਆਦਿੱਤਯ ਦਾ ਕਹਿਣਾ ਮੈਡੀਕਲ ਰਿਪੋਰਟਾਂ ਨੂੰ ਪੁਲਿਸ ਜਾਂਚ ਅੰਦਰ ਕੀਤਾ ਗਿਆ ਸ਼ਾਮਲ, ਜਲਦੀ ਸੱਚ ਹੋਵੇਗਾ ਸਾਹਮਣੇ।
ਗੁਰਦਾਸਪੁਰ, 27 ਨਵੰਬਰ 2025 (ਮੰਨਨ ਸੈਣੀ)। ਮੰਗਲਵਾਰ ਰਾਤ ਨੂੰ ਥਾਣਾ ਸਿਟੀ ਗੁਰਦਾਸਪੁਰ ਦੇ ਬਿਲਕੁਲ ਬਾਹਰ ਵਾਪਰੇ ਧਮਾਕੇ ਦਾ ਭੇਦ ਖ਼ਬਰ ਲਿਖੇ ਜਾਣ ਤੱਕ ਹਾਲੇ ਵੀ ਬਰਕਰਾਰ ਹੈ ਅਤੇ ਗੁਰਦਾਸਪੁਰ ਪੁਲਿਸ ਦੀ ਜਾਂਚ ਅਜੇ ਵੀ ਲਗਾਤਾਰ ਜਾਰੀ ਹੈ। ਸੂਤਰਾਂ ਦੀ ਮੰਨਿਏ ਤਾਂ ਪੁਲਿਸ ਨੂੰ ਇਸ ਮਾਮਲੇ ਵਿੱਚ ਅਹਿਮ ਸੁਰਾਗ ਹੱਥ ਲੱਗੇ ਹਨ ਅਤੇ ਜਲਦ ਹੀ ਪੂਰੇ ਮਾਮਲੇ ਤੋਂ ਪਰਦਾ ਚੁੱਕਿਆ ਜਾਵੇਗਾ। ਪਰ ਇਸ ਲਈ ਗੁਰਦਾਸਪੁਰ ਪੁਲਿਸ ਦੇ ਅਧਿਕਾਰਤ ਬਿਆਨਾਂ ਦਾ ਹਾਲੇ ਵੀ ਇੰਤਜਾਰ ਹੈ। ਉਧਰ ਇਸ ਧਮਾਕੇ ਵਿੱਚ ਜ਼ਖ਼ਮੀ ਹੋਈ ਇੱਕ ਔਰਤ ਦੀ ਸਕੈਨ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਉਸ ਦੇ ਸਰੀਰ ਵਿੱਚ ਮੈਟਾਲਿਕ ਫਾਰਨ ਪਾਰਟੀਕਲ ਮਿਲੇ ਹਨ। ਹਾਲਾਂਕਿ ਲੈਬ ਰਿਪੋਰਟ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਜਾਂਚ ਦੀ ਆਪਣੀ ਇੱਕ ਸੀਮਾ ਹੁੰਦੀ ਹੈ ਅਤੇ ਪੁਰਾਣੀ ਰਿਪੋਰਟ ਉਪਲਬਧ ਨਹੀਂ ਕਰਵਾਈ ਗਈ। ਇਸੇ ਤਰ੍ਹਾਂ ਇੱਕ ਹੋਰ ਜ਼ਖ਼ਮੀ ਦੇ ਅਨੁਸਾਰ ਉਸਨੇ ਇਸ ਧਮਾਕੇ ਵਿੱਚ ਆਪਣੀ ਇੱਕ ਅੱਖ ਗੁਆ ਦਿੱਤੀ ਹੈ। ਗੁਰਦਾਸਪੁਰ ਦੇ ਐਸਐਸਪੀ ਆਦਿੱਤਯ ਨੇ ਦੱਸਿਆ ਕਿ ਪੁਲਿਸ ਜਾਂਚ ਰਿਪੋਰਟ ਵਿੱਚ ਮੈਡੀਕਲ ਰਿਪੋਰਟਾਂ ਨੂੰ ਵੀ ਸ਼ਾਮਲ ਕਰੇਗੀ ਅਤੇ ਜਲਦ ਹੀ ਪੂਰੀ ਸੱਚਾਈ ਲੋਕਾਂ ਸਾਹਮਣੇ ਰੱਖੇਗੀ।
ਦੱਸਣਯੋਗ ਹੈ ਕਿ ਮੰਗਲਵਾਰ ਰਾਤ ਨੂੰ ਥਾਣਾ ਸਿਟੀ ਗੁਰਦਾਸਪੁਰ ਦੇ ਬਿਲਕੁਲ ਬਾਹਰ ਵਾਪਰੇ ਜ਼ਬਰਦਸਤ ਧਮਾਕੇ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੇ ਇਸ ਨੂੰ “ਟਾਇਰ ਫਟਣਾ” ਦੱਸਿਆ ਸੀ। ਇਸ ਧਮਾਕੇ ਵਿੱਚ ਹਾਲੇ ਤੱਕ ਤਿੰਨ ਹੀ ਵਿਅਕਤੀ ਜ਼ਖ਼ਮੀਆਂ ਦੀ ਸ਼ਿਨਾਖ਼ਤ ਹੋਈ ਸੀ। ਸੋਸ਼ਲ ਮੀਡੀਆ ’ਤੇ ਇੱਕ ਪੋਸਟਸ ਰਾਹੀਂ ਖਾਲਿਸਤਾਨ ਲਿਬਰੇਸ਼ਨ ਆਰਮੀ ਨਾਂ ਦੇ ਸੰਗਠਨ ਦਾ ਨਾਮ ਦੱਸਦੇ ਹੋਏ ਇਸ ਨੂੰ ਗ੍ਰਨੇਡ ਹਮਲਾ ਦੱਸ ਕੇ ਜ਼ਿੰਮੇਵਾਰੀ ਲਈ ਸੀ। ਪਰ ਗੁਰਦਾਸਪੁਰ ਦੇ ਐਸਪੀ (ਡੀ) ਡੀ.ਕੇ. ਚੌਧਰੀ ਨੇ ਉਸ ਪੋਸਟ ਨੂੰ ਪੂਰੀ ਤਰ੍ਹਾਂ ਫਰਜ਼ੀ ਅਤੇ ਭਰਮ ਫੈਲਾਉਣ ਵਾਲੀ ਕਰਾਰ ਦਿੱਤਾ ਸੀ।
ਵੀਰਵਾਰ ਨੂੰ ਵੀ ਪੁਲਿਸ ਵੱਲੋਂ ਇਸ ਕੇਸ ਸੰਬੰਧੀ ਵੱਖ ਵੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਥਿਊਰੀ ਅਤੇ ਤੱਥਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਜ਼ਖ਼ਮੀ ਸਪਨਾ ਸ਼ਰਮਾ ਜੋਕਿ ਲਾਈਬ੍ਰੇਰੀ ਰੋਡ ਦੀ ਵਸਨੀਕ ਹਨ ਦੀ ਸਕੈਨ ਰਿਪੋਰਟ ਵਿੱਚ ਮੈਟਾਲਿਕ ਫਾਰਨ ਪਾਰਟੀਕਲ ਮਿਲਣ ਤੋਂ ਬਾਅਦ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਉਨ੍ਹਾਂ ਨੂੰ ਅੰਮ੍ਤਸਰ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਜ਼ਖ਼ਮੀ ਨੰਗਲ ਕੋਟਲੀ ਦੇ ਰਾਜੇਸ਼ ਕੁਮਾਰ ਨੇ ਮੀਡੀਆ ਸਾਹਮਣੇ ਆ ਕੇ ਦੱਸਿਆ ਕਿ ਧਮਾਕੇ ਕਾਰਨ ਉਸ ਦੀ ਇੱਕ ਅੱਖ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ।
ਜ਼ਖ਼ਮੀਆਂ ਵੱਲੋਂ ਸਰਕਾਰ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ, ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਧਮਾਕੇ ਦੇ ਅਸਲ ਕਾਰਨ ਦੀ ਪੁਸ਼ਟੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜ਼ਖਮੀ ਕਿਹੜੀ ਸ਼੍ਰੇਣੀ ਵਿੱਚ ਮੁਆਵਜ਼ੇ ਦੇ ਹੱਕਦਾਰ ਹੋਣਗੇ ਯਾਂ ਉਨ੍ਹਾਂ ਨੂੰ ਮੁਆਵਜਾ ਦਿੱਤਾ ਵੀ ਜਾਵੇਗਾ ਯਾਂ ਨਹੀਂ।
ਉਧਰ ਇਸ ਸੰਬੰਧੀ ਗੁਰਦਾਸਪੁਰ ਦੇ ਐਸਐਸਪੀ ਆਦਿੱਤਯ ਜੋ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਚੈਕ ਕਰ ਰਹੇ ਹਨ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਰਿਪੋਰਟਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਪੁਲਿਸ ਜਲਦ ਹੀ ਪੂਰਾ ਸੱਚ ਸਭ ਸਾਹਮਣੇ ਲੈ ਕੇ ਆਵੇਗੀ ਤਾਂ ਜੋ ਇਸ ਵਿਸ਼ੇ ਸੰਬੰਧੀ ਕੋਈ ਖਾਮੀ ਨਾ ਰਹਿ ਸਕੇ।