ਨਗਰ ਕੌਂਸਲ ਦੀਨਾਨਗਰ ਦਾ ਕੂੜਾ ਡੰਪ ਸ਼ਿਫਟ ਨੂੰ ਲੈ ਕੇ ਵਿਧਾਇਕਾ ਅਰੁਣਾ ਚੌਧਰੀ ਨੇ ਡੀ.ਸੀ ਨੂੰ ਲਿਖਿਆ ਪੱਤਰ
ਦੀਨਾਨਗਰ,18 ਨਵੰਬਰ 2025 (ਮੰਨਨ ਸੈਣੀ)— ਐਨ.ਜੀ.ਟੀ ਦੇ ਹੁਕਮਾਂ ਅਤੇ ਸਥਾਨਕ ਸਰਕਾਰ ਮੰਤਰੀ ਰਵਜੋਤ ਸਿੰਘ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ ਨਗਰ ਕੌਂਸਲ ਦੀਨਾਨਗਰ ਦਾ ਕੂੜਾ ਡੰਪ ਸ਼ਿਫਟ ਨਹੀਂ ਕੀਤਾ ਗਿਆ ਹੈ, ਜਿਸ ਬਾਰੇ ਦੀਨਾਨਗਰ ਦੀ ਮੌਜੂਦਾ ਵਿਧਾਇਕਾ ਅਤੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਤੁਰੰਤ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਪੱਤਰ ਲਿਖਿਆ ਗਿਆ ਹੈ, ਕਿ ਮੁੱਖ ਸੜਕ ’ਤੇ ਸਥਿਤ ਕੂੜਾ ਡੰਪ ਬਾਰੇ ਮਾਨਯੋਗ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਸਪੱਸ਼ਟ ਤੌਰ ’ਤੇ ਇਸਨੂੰ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਸ਼ਿਫਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।

ਇਸ ਤੋਂ ਇਲਾਵਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਸ. ਰਵਜੋਤ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਡੰਪ ਨੂੰ ਜਲਦੀ ਸ਼ਿਫਟ ਕੀਤਾ ਜਾਵੇਗਾ ਪ੍ਰੰਤੂ ਇਸਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਡੰਪ ਦੀ ਸਫ਼ਾਈ ਜਾਂ ਇਸਨੂੰ ਸ਼ਿਫਟ ਕਰਨ ਲਈ ਕੋਈ ਦਿੱਖਣਯੋਗ ਯਤਨ ਹੁੰਦੇ ਨਜ਼ਰ ਆ ਰਹੇ ਹਨ। ਇਸ ਕਾਰਨ ਰਿਹਾਇਸ਼ੀ ਲੋਕ ਬਦਬੂ, ਗੰਦਗੀ, ਮੱਖੀਆਂ, ਮੱਛਰਾਂ, ਅਵਾਰਾ ਜਾਨਵਰਾਂ ਅਤੇ ਵਾਤਾਵਰਣ ਪ੍ਰਦੂਸ਼ਣ ਨਾਲ ਗੰਭੀਰ ਤੌਰ ’ਤੇ ਪ੍ਰਭਾਵਿਤ ਹੋ ਰਹੇ ਹਨ। ਮੁੱਖ ਸੜਕ ’ਤੇ ਹੋਣ ਕਾਰਨ ਇਹ ਮਸਲਾ ਰੋਜ਼ਾਨਾ ਆਵਾਜਾਈ ਅਤੇ ਲੋਕ ਸੁਰੱਖਿਆ ਲਈ ਵੀ ਖ਼ਤਰਾ ਬਣ ਚੁੱਕਾ ਹੈ।
ਵਿਧਾਇਕਾ ਅਰੁਣਾ ਚੌਧਰੀ ਨੇ ਆਪਣੇ ਪੱਤਰ ਰਾਹੀਂ ਮੰਗ ਉਠਾਈ ਹੈ ਕਿ ਉਕਤ ਕੂੜਾ ਡੰਪ ਨੂੰ ਤੁਰੰਤ ਪ੍ਰਭਾਵ ਤੋਂ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਕਿਸੇ ਉਚਿੱਤ ਸਥਾਨ ’ਤੇ ਸ਼ਿਫਟ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ ਅਤੇ ਐਨਜੀਟੀ ਦੇ ਹੁਕਮਾਂ ਦੀ ਨਾਫ਼ਰਮਾਨੀ ਲਈ ਜ਼ਿੰਮੇਵਾਰ ਅਧਿਕਾਰੀਆਂ ਤੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਜਾਵੇ। ਉਨ੍ਹਾਂ ਅਧਿਕਾਰੀਆਂ ਕੋਲੋਂ ਇਸ ਸਬੰਧੀ ਕੀਤੀ ਜਾਣ ਵਾਲੀ ਕਾਰਵਾਈ ਦੀ ਤੁਰੰਤ ਰਿਪੋਰਟ ਭੇਜਣ ਨੂੰ ਵੀ ਕਿਹਾ ਹੈ। ਵਿਧਾਇਕਾ ਅਰੁਣਾ ਚੌਧਰੀ ਵੱਲੋਂ ਜਨਹਿਤ ਵਿੱਚ ਇਸ ਬਹੁਤ ਹੀ ਜ਼ਰੂਰੀ ਮਸਲੇ ’ਤੇ ਤੁਰੰਤ ਅਤੇ ਢੁੱਕਵੀਂ ਕਾਰਵਾਈ ਕਰਨ ਲਈ ਪੱਤਰ ਦੀਆਂ ਕਾਪੀਆਂ ਐਨਜੀਟੀ ਅਤੇ ਆਡੀਸ਼ਨਲ ਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਵੀ ਭੇਜੀਆਂ ਹਨ।