Close

Recent Posts

ਗੁਰਦਾਸਪੁਰ

ਸੁਲਗਦੀ ਰਾਤ” ਅੱਜ ਦੇ ਯੁੱਗ ਵਿੱਚ ਵੀ ਪੂਰੀ ਤਰ੍ਹਾਂ ਸਾਰਥਕ ਹੈ- ਪ੍ਰਿੰਸੀਪਲ ਪ੍ਰੋ. ਅਸ਼ਵਨੀ ਭੱਲਾ,

ਸੁਲਗਦੀ ਰਾਤ” ਅੱਜ ਦੇ ਯੁੱਗ ਵਿੱਚ ਵੀ ਪੂਰੀ ਤਰ੍ਹਾਂ ਸਾਰਥਕ ਹੈ- ਪ੍ਰਿੰਸੀਪਲ ਪ੍ਰੋ. ਅਸ਼ਵਨੀ ਭੱਲਾ,
  • PublishedOctober 26, 2025

ਗੁਰਦਾਸਪੁਰ, 26  ਅਕਤੂਬਰ  2025 (ਮੰਨਨ ਸੈਣੀ)– ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਸਿੱਧ ਲੇਖਕ ਰਾਮ ਸਰੂਪ ਅਣਖੀ ਦੇ ਨਾਵਲ “ਸੁਲਗਦੀ ਰਾਤ” ‘ਤੇ ਇੱਕ ਵਿਸ਼ੇਸ਼ ਚਰਚਾ ਅਤੇ ਰਿਵਿਊ ਸੈਸ਼ਨ ਕਰਵਾਇਆ ਗਿਆ। ਇਸ ਸਮਾਰੋਹ ਦੀ ਅਗਵਾਈ ਕਾਲਜ ਦੇ ਪ੍ਰਿੰਸਿਪਲ ਪ੍ਰੋ. ਅਸ਼ਵਨੀ ਭੱਲਾ ਵੱਲੋਂ ਕੀਤੀ ਗਈ।

ਇਸ ਸਬੰਧੀ ਪ੍ਰੋਫੈਸਰ ਡਾ. ਮਨਜੀਤ ਕੌਰ ਵੱਲੋਂ ਕੀਤੇ ਗਏ ਵਿਸਥਾਰਿਤ ਰਿਵਿਊ ਨਾਲ ਹੋਈ। ਉਹਨਾਂ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ “ਸੁਲਗਦੀ ਰਾਤ” ਇੱਕ ਅਜਿਹਾ ਨਾਵਲ ਹੈ ਜੋ ਇਨਸਾਨੀ ਰਿਸ਼ਤਿਆਂ ਦੇ ਵੱਖ-ਵੱਖ ਪੱਖਾਂ ਨੂੰ ਬੇਹੱਦ ਸੁੰਦਰ ਢੰਗ ਨਾਲ ਉਭਾਰਦਾ ਹੈ। ਇਹ ਰਚਨਾ ਜੱਟ ਅਤੇ ਜ਼ਮੀਨ ਦੇ ਪ੍ਰਤੀ ਉਸ ਦੇ ਡੂੰਘੇ ਪਿਆਰ ਦੀ ਕਹਾਣੀ ਹੈ, ਜਿੱਥੇ ਲਾਲਚ, ਮਾਲਕੀ ਹੱਕ ਅਤੇ ਸਮਾਜਕ ਤਕਰਾਰਾਂ ਮਨੁੱਖੀ ਸੰਬੰਧਾਂ ਨੂੰ ਪ੍ਰਭਾਵਿਤ ਕਰਦੀਆਂ ਹਨ।

ਡਾ. ਮਨਜੀਤ ਕੌਰ ਨੇ ਕਿਹਾ ਕਿ ਇਸ ਨਾਵਲ ਵਿੱਚ ਔਰਤ ਦੇ ਦਰਦ ਅਤੇ ਮਰਦ ਪ੍ਰਧਾਨ ਸਮਾਜ ਵੱਲੋਂ ਉਸ ਦੇ ਹੱਕਾਂ ‘ਤੇ ਹੋ ਰਹੀ ਜ਼ਿਆਦਤੀ ਦਾ ਸੰਵੇਦਨਸ਼ੀਲ ਚਿੱਤਰ ਪੇਸ਼ ਕੀਤਾ ਗਿਆ ਹੈ। ਲੇਖਕ ਨੇ ਪਿੰਡ ਦੀ ਮਿੱਟੀ ਦੀ ਖੁਸ਼ਬੂ, ਜੀਵਨ ਸੰਘਰਸ਼ ਅਤੇ ਰਿਸ਼ਤਿਆਂ ਦੀ ਗਹਿਰਾਈ ਨੂੰ ਬੇਹੱਦ ਕਲਾਤਮਕ ਢੰਗ ਨਾਲ ਦਰਸਾਇਆ ਹੈ।

ਪ੍ਰੋ. ਅਸ਼ਵਨੀ ਭੱਲਾ, ਪ੍ਰਿੰਸੀਪਲ ਸਰਕਾਰੀ ਕਾਲਜ ਗੁਰਦਾਸਪੁਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਮ ਸਰੂਪ ਅਣਖੀ ਦਾ ਇਹ ਨਾਵਲ ਪੰਜਾਬੀ ਸਾਹਿਤ ਦੀ ਉਸ ਧਾਰਾ ਦਾ ਪ੍ਰਤੀਕ ਹੈ, ਜਿਸ ਨੇ ਪਿੰਡ ਦੇ ਜੀਵਨ, ਜ਼ਮੀਨ ਨਾਲ ਮਨੁੱਖੀ ਜੁੜਾਅ ਅਤੇ ਮਨੁੱਖ ਦੇ ਅੰਦਰਲੇ ਸੰਘਰਸ਼ ਨੂੰ ਜੀਵੰਤ ਰੂਪ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਨਾਵਲ ਦਾ ਨਿਵੇਕਲਾਪਨ ਇਸ ਗੱਲ ਵਿੱਚ ਹੈ ਕਿ ਇਹ ਸਿਰਫ਼ ਕਿਸਾਨੀ ਸੰਘਰਸ਼ ਨਹੀਂ ਬਿਆਨਦਾ, ਸਗੋਂ ਇਨਸਾਨੀ ਮਨ ਦੀ ਸੁਲਗਣ ਅਤੇ ਰਿਸ਼ਤਿਆਂ ਦੀ ਜਟਿਲਤਾ ਨੂੰ ਵੀ ਦਰਸਾਉਂਦਾ ਹੈ।

ਉਹਨਾਂ ਕਿਹਾ ਕਿ “ਸੁਲਗਦੀ ਰਾਤ” ਅੱਜ ਦੇ ਯੁੱਗ ਵਿੱਚ ਵੀ ਪੂਰੀ ਤਰ੍ਹਾਂ ਸਾਰਥਕ ਹੈ ਕਿਉਂਕਿ ਇਹ ਮਨੁੱਖੀ ਲਾਲਚ, ਸਮਾਜਕ ਅਨੁਸਾਧਨਾਂ ਅਤੇ ਨੈਤਿਕ ਮੁੱਲਾਂ ਦੀ ਖੋਹ ਤੇ ਚਿੰਤਨ ਕਰਨ ਲਈ ਮਜਬੂਰ ਕਰਦਾ ਹੈ। ਆਖਰ ਵਿੱਚ ਪੰਜਾਬੀ ਵਿਭਾਗ ਦੇ ਵਿਦਵਾਨਾਂ ਵੱਲੋਂ ਰਾਮ ਸਰੂਪ ਅਣਖੀ ਦੀ ਲਿਖਤ ਸ਼ੈਲੀ, ਕਲਾਤਮਕ ਪੱਖ ਅਤੇ ਮਾਲਵੇ ਦੀ ਸੱਭਿਆਚਾਰਕ ਸੁਗੰਧ ‘ਤੇ ਵੀ ਵਿਚਾਰ ਪ੍ਰਗਟ ਕੀਤੇ ਗਏ।

Written By
The Punjab Wire