ਰਮਨ ਬਹਿਲ ਵਲੋਂ 1 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਹਲਕੇ ਦੀਆਂ ਸੰਪਰਕ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ
ਰਮਨ ਬਹਿਲ ਨੇ ਕਿਹਾ – ਹਲਕੇ ਦੇ ਚਹੁੰਮੁੱਖੀ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ
ਗੁਰਦਾਸਪੁਰ, 18 ਅਕਤੂਬਰ 2025 (ਮਨਨ ਸੈਣੀ)। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਵਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲਗਭਗ 1 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਸੰਪਰਕ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ।
ਰਮਨ ਬਹਿਲ ਵਲੋਂ ਅੱਜ ਸ਼ੁਰੂ ਕਰਵਾਏ ਗਏ ਮੁੱਖ ਵਿਕਾਸ ਕਾਰਜ ਇਹ ਸਨ –
- ਗੁਰਦਾਸਪੁਰ–ਡੇਰਾ ਬਾਬਾ ਨਾਨਕ ਰੋਡ ਤੋਂ ਹਯਾਤਨਗਰ ਤੋਂ ਹਰਦੋਛੰਨੀ ਰੋਡ, ਲੰਬਾਈ 4.5 ਕਿਲੋਮੀਟਰ, ਲਾਗਤ 74 ਲੱਖ ਰੁਪਏ
- ਕਲਾਨੌਰ ਰੋਡ ਤੋਂ ਪੀਰਾਬਾਗ, ਲੰਬਾਈ 1.78 ਕਿਲੋਮੀਟਰ, ਲਾਗਤ 35 ਲੱਖ ਰੁਪਏ
- ਗਜਨੀਪੁਰ ਤੋਂ ਪਿੰਡ ਦੇ ਸਮਸ਼ਾਨਘਾਟ ਤੱਕ, ਲੰਬਾਈ 1.63 ਕਿਲੋਮੀਟਰ, ਲਾਗਤ 21 ਲੱਖ 35 ਹਜ਼ਾਰ ਰੁਪਏ
- ਭੋਪੋਰ ਤੋਂ ਨਿਰਮਲ ਸਿੰਘ ਦੇ ਡੇਰੇ ਤੱਕ, ਲੰਬਾਈ 1.72 ਕਿਲੋਮੀਟਰ, ਲਾਗਤ 31 ਲੱਖ 67 ਹਜ਼ਾਰ ਰੁਪਏ
- ਪਿੰਡ ਬਲੱਗਣ ਵਿੱਚ ਬਾਰਸ਼ਾਂ ਕਾਰਨ ਰੁੜੀ ਸੜਕ ਲਈ ਦੀਵਾਰ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ, ਜਿਸ ਉੱਤੇ ਲਾਗਤ 5 ਲੱਖ ਰੁਪਏ ਆਵੇਗੀ।

ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ, ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਉਹ ਪੂਰੀ ਸੇਵਾ ਭਾਵਨਾ ਅਤੇ ਨਿਸ਼ਠਾ ਨਾਲ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਉਹ ਖੁਦ ਹਲਕੇ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ ਅਤੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਸੇਵਾ ਦੀ ਰਾਜਨੀਤੀ ਕਰਦਾ ਆਇਆ ਹੈ ਅਤੇ ਲੋਕਾਂ ਦੀ ਭਲਾਈ ਲਈ ਉਹ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਯਤਨਰਤ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਹਿੱਤ ਵਿੱਚ ਲੋਕਪੱਖੀ ਫੈਸਲੇ ਲਏ ਗਏ ਹਨ ਅਤੇ ਉਸੇ ਦੇ ਤਹਿਤ ਗੁਰਦਾਸਪੁਰ ਹਲਕੇ ਵਿੱਚ ਵਿਕਾਸ ਕਾਰਜ ਤੇਜ਼ ਰਫ਼ਤਾਰ ਨਾਲ ਜਾਰੀ ਹਨ।
ਰਮਨ ਬਹਿਲ ਨੇ ਦ੍ਰਿੜਤਾ ਨਾਲ ਕਿਹਾ ਕਿ ਉਹ ਆਪਣੇ ਹਲਕੇ ਨੂੰ ਵਿਕਾਸ ਦੇ ਮੈਦਾਨ ਵਿੱਚ ਮਿਸਾਲ ਬਣਾਉਣਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣਗੀਆਂ।
ਇਸ ਮੌਕੇ ਪਿੰਡਾਂ ਦੇ ਪੰਚ-ਸਰਪੰਚ, ਮੋਹਤਬਰ ਵਿਅਕਤੀ ਅਤੇ ਪਾਰਟੀ ਦੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ।