ਕਾਦੀਆਂ, 15 ਅਕਤੂਬਰ 2025 (ਦੀ ਪੰਜਾਬ ਵਾਇਰ)। ਨੌਜਵਾਨਾਂ ਵਿੱਚ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ, ਇੰਡੀਅਨ ਇੰਟਰਨੈਸ਼ਨਲ ਰੂਰਲ ਕਲਚਰਲ ਸੈਂਟਰ, ਨਵੀਂ ਦਿੱਲੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਲਵਿੰਦਰਜੀਤ ਸਿੰਘ ਆਈ ਏ ਐਸ ਨੂੰ ਇੱਕ ਪੱਤਰ ਲਿਖ ਕੇ ਸੰਸਥਾ ਨੂੰ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੇ 10 ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਕਥਕ ਨਾਚ ਪੇਸ਼ ਕਰਨ ਦੀ ਬੇਨਤੀ ਕੀਤੀ ਗਈ ਸੀ, ਜਿਸ ਕਾਰਨ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਪਰਮਜੀਤ ਕੌਰ ਅਤੇ ਜ਼ਿਲ੍ਹਾ ਹੈਰੀਟੇਜ ਸੋਸਾਇਟੀ ਦੇ ਸਕੱਤਰ ਰਾਜਕੁਮਾਰ ਨੂੰ ਇਸ ਸਬੰਧੀ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।
ਇਸੇ ਲੜੀ ਤਹਿਤ ਜਿਲਾ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਕੰਮ ਪ੍ਰੋਗਰਾਮ ਅਫਸਰ ਨੂੰ ਅਗਲੇ ਪੰਜ ਦਿਨਾਂ ਲਈ ਜ਼ਿਲ੍ਹੇ ਦੇ 10 ਚੁਣੀਆਂ ਹੋਈਆਂ ਵਿਦਿਅਕ ਸੰਸਥਾਵਾਂ ਵਿੱਚ ਪ੍ਰਸਿੱਧ ਕਥਕ ਡਾਂਸਰ ਗਾਂਗਨੀ ਦੇ ਨਾਚ ਪੇਸ਼ ਕਰਨ ਅਤੇ ਨੌਜਵਾਨਾਂ ਨੂੰ ਭਾਰਤ ਦੇ ਵਿਸ਼ਾਲ ਸੱਭਿਆਚਾਰ ਬਾਰੇ ਜਾਣਨ ਲਈ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੁੱਧਵਾਰ ਨੂੰ ਸੇਂਟ ਵਰਿਆ ਸਕੂਲ, ਬਸਰਾਏ ਵਿੱਚ ਸਕੂਲ ਦੇ ਡਾਇਰੈਕਟਰ ਸਰਵਣ ਸਿੰਘ ਧੰਦਲ ਅਤੇ ਚੇਅਰਮੈਨ ਸੱਜਣ ਸਿੰਘ ਧੰਦਲ ਦੇ ਸਹਿਯੋਗ ਨਾਲ ਕਥਕ ਨਾਚ ਪੇਸ਼ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਸੱਭਿਆਚਾਰ ਦੀ ਝਲਕ ਦਿਖਾ ਕੇ ਅਮੀਰ ਵਿਰਾਸਤ ਬਾਰੇ ਜਾਣੂ ਕਰਵਾਇਆ ਗਿਆ।

ਇਸ ਮੌਕੇ ਬੋਲਦਿਆਂ ਜ਼ਿਲ੍ਹਾ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਸਹਾਇਕ ਜ਼ਿਲ੍ਹਾ ਮੈਜਿਸਟ੍ਰੇਟ ਵਿਕਾਸ ਦੇ ਨਿਰਦੇਸ਼ਾਂ ਹੇਠ ਇਹ ਕੱਥਕ ਡਾਂਸਰ ਗਾਂਗਣੀ ਦਾ ਨਾਚ ਅਗਲੇ ਪੰਜ ਦਿਨਾਂ ਲਈ ਜ਼ਿਲ੍ਹੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਪੇਸ਼ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਆਰ.ਆਰ. ਬਾਵਾ ਕਾਲਜ ਬਟਾਲਾ, ਸੈਂਟਰਲ ਪਬਲਿਕ ਸਕੂਲ ਘੁੰਮਣ, ਸੁਖਜਿੰਦਰ ਗਰੁੱਪ ਕਾਲਜ ਗੁਰਦਾਸਪੁਰ ਅਤੇ ਐਸ.ਐਸ.ਐਮ ਕਾਲਜ ਦੀਨਾਨਗਰ ਸ਼ਾਮਲ ਹਨ ਤਾਂ ਜੋ ਦੇਸ਼ ਦੀ ਅਮੀਰ ਵਿਰਾਸਤ ਅਤੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਵਾਲੇ ਇੰਡੀਅਨ ਇੰਟਰਨੈਸ਼ਨਲ ਰੂਰਲ ਕਲਚਰਲ ਸੈਂਟਰ, ਨਵੀਂ ਦਿੱਲੀ ਦੇ ਉਦੇਸ਼ਾਂ ਨੂੰ ਪੂਰਾ ਕੀਤਾ ਜਾ ਸਕੇ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਸਰਵਨ ਸਿੰਘ ਧੰਦਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੱਭਿਆਚਾਰਕ ਦੇ ਅਮੀਰ ਵਿਰਸੇ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਇੱਕ ਸ਼ਲਾਗਾਯੋਗ ਉਪਰਾਲਾ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਲਈ ਸਕੂਲ ਮੈਨੇਜਮੈਂਟ ਹਮੇਸ਼ਾ ਤਿਆਰ ਹੈ।ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਆਈ ਹੋਈ ਟੀਮ ਨੂੰ ਸਨਮਾਨਿਤ ਕੀਤਾ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਹਾਇਕ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਕੁਮਾਰ , ਹਰੀਸ਼ ਗੰਗਾਨੀ, ਦਿਨੇਸ਼ ਪ੍ਰਸਾਦ ਅਤੇ ਪ੍ਰਿੰਸੀਪਲ ਪਰਮਵੀਰ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ।