Close

Recent Posts

ਗੁਰਦਾਸਪੁਰ

ਡਾ. ਅਮਰੀਕ ਸਿੰਘ ਨੂੰ ਬਤੌਰ ਜੁਆਇੰਟ ਡਾਇਰੈਕਟਰ (ਖੇਤੀਬਾੜੀ) ਮਿਲੀ ਤਰੱਕੀ

ਡਾ. ਅਮਰੀਕ ਸਿੰਘ ਨੂੰ ਬਤੌਰ ਜੁਆਇੰਟ ਡਾਇਰੈਕਟਰ (ਖੇਤੀਬਾੜੀ) ਮਿਲੀ ਤਰੱਕੀ
  • PublishedSeptember 30, 2025


ਹੁਣ ਤੱਕ ਕਈ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰ ਚੁੱਕੇ ਹਨ ਡਾ. ਅਮਰੀਕ ਸਿੰਘ



ਗੁਰਦਾਸਪੁਰ, 30 ਸਤੰਬਰ  2025 (ਦੀ ਪੰਜਾਬ ਵਾਇਰ)– ਵਿਭਾਗੀ ਤਰੱਕੀ ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੂੰ ਜੁਆਇੰਟ ਡਾਇਰੈਕਟਰ (ਖੇਤੀਬਾੜੀ) ਵਜੋਂ ਤਰੱਕੀ ਦੇ ਕੇ ਜਨਰਲ ਮੈਨੇਜਰ ਮਾਰਕੀਟਿੰਗ (ਪਨਸੀਡ) ਦੇ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਡਾ. ਅਮਰੀਕ ਸਿੰਘ ਜ਼ਿਲ੍ਹਾ ਗੁਰਦਾਸਪੁਰ ਅੰਦਰ ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਸਿਖਲਾਈ ਅਫ਼ਸਰ ਅਤੇ ਜ਼ਿਲ੍ਹਾ ਪਠਾਨਕੋਟ, ਫ਼ਰੀਦਕੋਟ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਸਮੇਤ ਹੋਰ ਅਹਿਮ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਬਦਲੇ ਹੰਸ ਰਾਜ ਕਾਲਜ ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਵਿਖੇ ਆਯੋਜਿਤ ਦੂਜੀ ਅੰਤਰਰਾਸ਼ਟਰੀ ਕਾਨਫ਼ਰੰਸ ਦੌਰਾਨ ਡਾ.ਅਮਰੀਕ ਸਿੰਘ ਨੂੰ ਫ਼ਸਲ ਵਿਗਿਆਨ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਬਿਹਤਰੀਨ ਸੇਵਾਵਾਂ ਲਈ “ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਡਾ. ਅਮਰੀਕ ਸਿੰਘ ਵੱਲੋਂ ਪੰਜਾਬ ਦੀ ਖੇਤੀਬਾੜੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਪਠਾਨਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ‘ਤੇ ਲਿਆਉਣ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਸਾਲ 2023-24 ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਤੌਰ ਜ਼ਿਲ੍ਹਾ ਸਿਖਲਾਈ ਅਫ਼ਸਰ ਵਜੋਂ ਜਾਗਰੂਕਤਾ ਮੁਹਿੰਮ ਨੂੰ ਬਹੁਤ ਹੀ ਯੋਜਨਾਬੱਧ ਢੰਗ ਨਾਲ ਚਲਾਉਂਦਿਆਂ ਨਿਭਾਈਆਂ ਪਸਾਰ ਸੇਵਾਵਾਂ ਕਾਰਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ 57 ਫ਼ੀਸਦੀ ਕਮੀ ਦਰਜ ਕੀਤੀ ਗਈ। ਸਾਲ 2017 ਦੌਰਾਨ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਨਾਲ ਸਨਮਾਨਿਤ ਗਿਆ ਸੀ। ਇਸੇ ਤਰਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿੰਨ ਵਾਰ ਬਿਹਤਰੀਨ ਪਸਾਰ ਕਾਮੇ ਵਜੋਂ, ਗੁਜਰਾਤ ਸਰਕਾਰ ਵੱਲੋਂ ਸਾਲ 2023 ਵਿੱਚ ਕਰਵਾਈ ਅੰਤਰਰਾਸ਼ਟਰੀ ਕਾਨਫ਼ਰੰਸ ਮੌਕੇ ਪਸਾਰ ਸੇਵਾਵਾਂ ਵਿੱਚ ਉੱਤਮਤਾ ਪੁਰਸਕਾਰ, ਆਸਥਾ ਫਾਊਂਡੇਸ਼ਨ ਮੇਰਠ(ਯੂ.ਪੀ.) ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਪਠਾਨਕੋਟ ਵੱਲੋਂ ਪਸਾਰ ਸੇਵਾਵਾਂ ਵਿੱਚ ਉੱਤਮਤਾ ਪੁਰਸਕਾਰ ਵਜੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਵਾਤਾਵਰਣ ਦੀ ਸ਼ੁੱਧਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੇ ਟਿਊਬਵੈੱਲਾਂ ‘ਤੇ ਇੱਕ ਲੱਖ ਤੀਹ ਹਜ਼ਾਰ ਛਾਂਦਾਰ ਪੌਦੇ ਲਗਾਏ ਹਨ। ਉਨ੍ਹਾਂ ਵੱਲੋਂ ਕਿਸਾਨਾਂ ਖ਼ਾਸ ਕਰਕੇ ਨੌਜਵਾਨ ਕਿਸਾਨਾਂ ਨੂੰ ਖੇਤੀ ਨਾਲ ਜੋੜਨ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਕਰਨ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ, ਨੌਜਵਾਨ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤਿਆਂ ਨਾਲ ਜੋੜਨ, ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੇ ਬਚਾਅ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਂ ਰਹੀ ਹੈ। ਵਟਸਐਪ ਐਪ ਰਾਹੀਂ ਉਨ੍ਹਾਂ ਵੱਲੋਂ ਤਕਰੀਬਨ 45578 ਕਿਸਾਨਾਂ ਤੱਕ ਸਿੱਧੇ ਰੂਪ ਵਿੱਚ ਤਕਨੀਕੀ ਨੁਕਤੇ ਪਹੁੰਚਾਏ ਜਾ ਰਹੇ ਹਨ। ਡਾ. ਅਮਰੀਕ ਸਿੰਘ ਵੱਲੋਂ ‘ਉੱਤਮ ਖੇਤੀ ਪੰਜਾਬ’ ਨਾਮਕ ਯੂ ਟਿਊਬ ਚੈਨਲ ਵੀ ਚਲਾਇਆ ਜਾ ਰਿਹਾ ਹੈ ਜਿਸ ਦੇ 8357 ਨੌਜਵਾਨ ਕਿਸਾਨ ਮੈਂਬਰ ਹਨ।

ਅੱਜ ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਜਲੰਧਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਸਿੰਘ ਠਾਕੁਰ, ਸੇਵਾ ਮੁਕਤ ਮੁੱਖ ਖੇਤੀਬਾੜੀ ਅਫ਼ਸਰ, ਡਾ. ਲਖਵਿੰਦਰ ਸਿੰਘ ਹੁੰਦਲ, ਡਾ. ਰਮੇਸ਼ ਸ਼ਰਮਾ, ਮੋਹਨ ਸਿੰਘ ਵਾਹਲਾ ਸਮੇਤ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਯੰਗ ਇਨੋਵੇਟਿਵ ਫਾਰਮਰਜ਼ ਗਰੁੱਪ ਦੇ ਗੁਰਬਿੰਦਰ ਸਿੰਘ ਬਾਜਵਾ, ਦਿਲਬਾਗ ਸਿੰਘ ਲਾਲੀ ਚੀਮਾ, ਬਲਜੀਤ ਸਿੰਘ ਖ਼ਾਲਸਾ, ਗੁਰਦਿਆਲ ਸਿੰਘ ਸੱਲੋਪੁਰ, ਪਲਵਿੰਦਰ ਸਿੰਘ ਸਹਾਰੀ ਅਤੇ ਅਵਤਾਰ ਸਿੰਘ ਸੰਧੂ ਆਦਿ ਮੌਜੂਦ ਸਨ। ਇਸੇ ਦੌਰਾਨ ਫ਼ਰੀਦਕੋਟ ਜ਼ਿਲ੍ਹੇ ਤੋਂ ਏਡੀਓ ਲਖਬੀਰ ਸਿੰਘ, ਏਐਸਆਈ ਹਰਜਿੰਦਰ ਸਿੰਘ ਅਤੇ ਬੀਟੀਐਮ ਸਿਮਰਜੀਤ ਸਿੰਘ ਨੇ ਵੀ ਉਚੇਚੇ ਤੌਰ ’ਤੇ ਗੁਰਦਾਸਪੁਰ ਪਹੁੰਚ ਕੇ ਡਾ. ਅਮਰੀਕ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

Written By
The Punjab Wire