ਸਰਕਾਰੀ ਕਾਲਜ ਗੁਰਦਾਸਪੁਰ ਦੇ ਸਟੇਡੀਅਮ ਵਿੱਚ ਅਗਨੀਵੀਰ ਭਰਤੀ ਰੈਲੀ 12 ਤੋਂ 22 ਨਵੰਬਰ ਤੱਕ – ਕਰਨਲ ਚੇਤਨ ਪਾਂਡੇ, ਡਾਇਰੈਕਟਰ ਭਰਤੀ ਬੋਰਡ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਤੀ ਰੈਲੀ ਦੌਰਾਨ ਭਾਰਤੀ ਫ਼ੌਜ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ
ਗੁਰਦਾਸਪੁਰ, 24 ਸਤੰਬਰ 2025 (ਮਨਨ ਸੈਣੀ )। ਭਾਰਤੀ ਫ਼ੌਜ ਦੇ ਭਰਤੀ ਬੋਰਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਮਿਤੀ 12 ਨਵੰਬਰ ਤੋਂ 22 ਨਵੰਬਰ 2025 ਤੱਕ ਅਗਨੀਵੀਰ ਭਰਤੀ ਰੈਲੀ ਕਰਵਾਈ ਜਾ ਰਹੀ ਹੈ। ਇਸ ਭਰਤੀ ਰੈਲੀ ਵਿੱਚ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ/ਸਟੋਰ ਕੀਪਰ ਅਤੇ ਅਗਨੀਵੀਰ ਟਰੇਡਸਮੈਨ (10ਵੀਂ ਅਤੇ 8ਵੀਂ) ਭਰਤੀ ਕੀਤੇ ਜਾਣਗੇ।
ਇਸ ਭਰਤੀ ਰੈਲੀ ਨੂੰ ਸਫ਼ਲ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਰਨਲ ਚੇਤਨ ਪਾਂਡੇ, ਡਾਇਰੈਕਟਰ ਭਰਤੀ ਬੋਰਡ ਅੰਮ੍ਰਿਤਸਰ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਆਦਿੱਤਯ ਗੁਪਤਾ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀ ਮਨਜੀਤ ਸਿੰਘ ਰਾਜਲਾ, ਸਹਾਇਕ ਕਮਿਸ਼ਨਰ ਸ੍ਰੀ ਰੁਪਿੰਦਰਪਾਲ ਸਿੰਘ, ਆਰ.ਟੀ.ਓ. ਸ੍ਰੀਮਤੀ ਨਵਜੋਤ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਕਰਨਲ ਚੇਤਨ ਪਾਂਡੇ, ਡਾਇਰੈਕਟਰ ਭਰਤੀ ਬੋਰਡ ਅੰਮ੍ਰਿਤਸਰ ਨੇ ਦੱਸਿਆ ਹੈ ਕਿ ਇਸ ਗੁਰਦਾਸਪੁਰ ਦੀ ਭਰਤੀ ਰੈਲੀ ਵਿੱਚ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਉਮੀਦਵਾਰ ਜੋ ਕਿ ਭਰਤੀ ਪ੍ਰੀਕ੍ਰਿਆ ਦੇ ਪਹਿਲੇ ਪੜਾਅ ਵਿੱਚ ਸਫਲ ਹੋਏ ਹਨ, ਉਨ੍ਹਾਂ ਦਾ ਫਿਜ਼ੀਕਲ ਫਿਟਨੈੱਸ, ਮੈਡੀਕਲ ਫਿਟਨੈੱਸ ਦੇ ਨਾਲ-ਨਾਲ ਡਾਕੂਮੈਂਟੇਸ਼ਨ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਭਰਤੀ ਰੈਲੀ ਨੂੰ ਸਫ਼ਲ ਬਣਾਉਣ ਲਈ ਆਪਣੇ ਜ਼ਿੰਮੇ ਆਏ ਕੰਮਾਂ ਨੂੰ ਸਮਾਂ ਰਹਿੰਦੇ ਮੁਕੰਮਲ ਕਰ ਲੈਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਭਰਤੀ ਰੈਲੀ ਵਿੱਚ ਭਾਰਤੀ ਫ਼ੌਜ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਇਸ ਭਰਤੀ ਰੈਲੀ ਵਿੱਚ ਵੱਧ ਤੋਂ ਵੱਧ ਨੌਜਵਾਨ ਪਹੁੰਚ ਕੇ ਭਰਤੀ ਹੋਣ ਅਤੇ ਆਪਣੇ ਦੇਸ਼ ਦੀ ਸੇਵਾ ਕਰਨ।