ਗੁਰਦਾਸਪੁਰ ਪੰਜਾਬ

ਹੜਾਂ ਦੌਰਾਨ ਜਾਨ ਗਵਾਉਣ ਵਾਲੇ ਜੂਲੀਅਸ ਮਸੀਹ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ

ਹੜਾਂ ਦੌਰਾਨ ਜਾਨ ਗਵਾਉਣ ਵਾਲੇ ਜੂਲੀਅਸ ਮਸੀਹ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ
  • PublishedSeptember 12, 2025

ਰਮਨ ਬਹਿਲ ਨੇ ਸਰਕਾਰੀ ਇਮਦਾਦ ਦਾ ਚੈੱਕ ਪੀੜਿਤ ਪਰਿਵਾਰ ਨੂੰ ਸੌਂਪਿਆ

ਗੁਰਦਾਸਪੁਰ, 12 ਸਤੰਬਰ 2025 (ਮੰਨਨ ਸੈਣੀ )। ਬੀਤੀ 29 ਅਗਸਤ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਜਾਨ ਬਚਾਉਣ ਦੇ ਉਪਰਾਲੇ ਕਰ ਰਹੇ ਪਿੰਡ ਤਲਵੰਡੀ ਵਿਰਕ ਦੇ ਨੌਜਵਾਨ ਜੂਲੀਅਸ ਮਸੀਹ ਜਿਸ ਦਾ ਸੱਪ ਦੇ ਡੰਗਣ ਕਾਰਨ ਦਿਹਾਂਤ ਹੋ ਗਿਆ ਸੀ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਕੇ ਦੁੱਖ ਦੀ ਘੜੀ ਵਿੱਚ ਢਾਰਸ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਰਮਨ ਬਹਿਲ ਨੇ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ 4 ਲੱਖ ਰੁਪਏ ਦਾ ਚੈੱਕ ਪੀੜ੍ਹਤ ਪਰਿਵਾਰ ਦੇ ਮੈਂਬਰਾਂ ਨੂੰ ਸੌਂਪਿਆ। ਇਸ ਮੌਕੇ ਉਹਨਾਂ ਨਾਲ ਐਸਡੀਐਮ ਗੁਰਦਾਸਪੁਰ ਸ. ਮਨਜੀਤ ਸਿੰਘ ਰਾਜਲਾ ਵੀ ਮੌਜੂਦ ਸਨ।

ਪੀੜ੍ਹਤ ਪਰਿਵਾਰ ਨਾਲ ਆਪਣੀ ਦਿਲੀ ਸੰਵੇਦਨਾ ਜਾਹਰ ਕਰਦਿਆਂ ਸੀਨੀਅਰ ਆਗੂ ਰਮਨ ਬਹਿਲ ਨੇ ਕਿਹਾ ਕਿ ਨੌਜਵਾਨ ਜੂਲੀਅਸ ਮਸੀਹ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਸੱਪ ਲੜਨ ਦੇ ਹਾਦਸੇ ਦੌਰਾਨ ਉਸਦੀ ਦੀ ਜਾਨ ਚਲੀ ਗਈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਜੂਲੀਅਸ ਮਸੀਹ ਦੇ ਵੱਡੇ ਭਰਾ ਦੀ ਵੀ ਬੇਵਕਤੀ ਮੌਤ ਹੋ ਗਈ ਸੀ। ਉਹਨਾਂ ਕਿਹਾ ਕਿ ਦੋ ਨੌਜਵਾਨਾਂ ਦੀ ਮੌਤ ਹੋਣ ਕਾਰਨ ਪਰਿਵਾਰ ਉੱਪਰ ਕਹਿਰ ਟੁੱਟ ਗਿਆ ਹੈ। ਇਹ ਪਰਿਵਾਰ ਬਹੁਤ ਗਰੀਬ ਹੈ ਅਤੇ ਪਰਿਵਾਰ ਵਿੱਚ ਕਮਾਉਣ ਵਾਲਾ ਨਾ ਰਹਿਣ ਕਾਰਨ ਹਾਲਾਤ ਹੋਰ ਵੀ ਖਰਾਬ ਹੋ ਗਏ ਹਨ।

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਜੂਲੀਅਸ ਮਸੀਹ ਨੂੰ ਸੱਪ ਵੱਲੋਂ ਡੰਗੇ ਜਾਣ ਦਾ ਪਤਾ ਲੱਗਾ ਸੀ ਤਾਂ ਉਹਨਾਂ ਨੇ ਕੋਸ਼ਿਸ਼ ਕਰਕੇ ਇਸ ਨੌਜਵਾਨ ਦਾ ਇਲਾਜ ਕਰਾਉਣ ਲਈ ਹਸਪਤਾਲ ਵੀ ਦਾਖਲ ਕਰਾਇਆ ਸੀ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ।

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਹਨਾਂ ਨੇ ਇਹ ਦੁੱਖਦਾਈ ਘਟਨਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਸੀ ਅਤੇ ਸਰਕਾਰ ਕੋਲ ਪੀੜਿਤ ਪਰਿਵਾਰ ਦੀ ਮਦਦ ਕਰਨ ਦੀ ਗੁਹਾਰ ਲਗਾਈ ਸੀ। ਉਹਨਾਂ ਕਿਹਾ ਕਿ ਮਾਮਲੇ ਦੀ ਸੰਵੇਦਨਾ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਵੱਲੋਂ ਬਿਨਾਂ ਕਿਸੇ ਦੇਰੀ ਪੀੜਤ ਪਰਿਵਾਰ ਦੀ ਬਾਂਹ ਫੜਦਿਆਂ ਚਾਰ ਲੱਖ ਰੁਪਏ ਦੀ ਮਾਲੀ ਸਹਾਇਤਾ ਭੇਜੀ ਗਈ ਹੈ ਜਿਸ ਨੂੰ ਅੱਜ ਪੀੜਤ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਭਾਵੇਂ ਇਸ ਰਾਸ਼ੀ ਨਾਲ ਇਨਸਾਨ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਇਹ ਮਾਲੀ ਸਹਾਇਤਾ ਪਰਿਵਾਰ ਦੇ ਪਾਲਣ ਪੋਸ਼ਣ ਵਿੱਚ ਜਰੂਰ ਕੁਝ ਨਾ ਕੁਝ ਮਦਦਗਾਰ ਸਾਬਤ ਹੋਵੇਗੀ।

ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਹੜ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਦਿਨ-ਰਾਤ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਹੈ ਅਤੇ ਜਿਸ ਕਿਸੇ ਦਾ ਵੀ ਜਾਨੀ-ਮਾਲੀ ਨੁਕਸਾਨ ਹੋਇਆ ਹੈ ਉਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ।

ਇਸ ਮੌਕੇ ਉਹਨਾਂ ਨਾਲ ਸਰਪੰਚ ਤਲਵੰਡੀ ਵਿਰਕ ਨਿਰਮਲ ਸਿੰਘ, ਕੰਵਰ ਪ੍ਰਤਾਪ ਸਿੰਘ ਮੋਂਟੀ ਮੈਂਬਰ ਪੰਚਾਇਤ, ਲੱਕੀ ਮਸੀਹ, ਰਵੀ ਮਸੀਹ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ, ਨਗਰ ਸੁਧਾਰ ਟਰਸਟ ਦੇ ਮੈਂਬਰ ਹਿਤੇਸ਼ ਮਹਾਜਨ ਅਤੇ ਕਾਰ ਬਾਜ਼ਾਰ ਐਸੋਸੀਏਸ਼ਨ ਦੇ ਚੇਅਰਮੈਨ ਰੂਪੇਸ਼ ਬਿੱਟੂ ਵੀ ਹਾਜ਼ਰ ਸਨ।

Written By
The Punjab Wire