Close

Recent Posts

PUNJAB FLOODS ਗੁਰਦਾਸਪੁਰ

ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ- ਨੁਕਸਾਨੇ ਗਏ ਘਰਾਂ ਵਿੱਚ ਜਾ ਕੇ ਪੀੜਤਾਂ ਦਾ ਦੁੱਖ ਦਰਦ  ਸੁਣਿਆ

ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ- ਨੁਕਸਾਨੇ ਗਏ ਘਰਾਂ ਵਿੱਚ ਜਾ ਕੇ ਪੀੜਤਾਂ ਦਾ ਦੁੱਖ ਦਰਦ  ਸੁਣਿਆ
  • PublishedSeptember 8, 2025


ਗ਼ਰੀਬ ਅਤੇ ਮਜ਼ਦੂਰ ਵਰਗ ਦੀ ਆਵਾਜ਼ ਸਰਕਾਰ ਤਕ ਪਹੁੰਚਾਵਾਂਗਾ – ਚੇਅਰਮੈਨ ਜਸਵੀਰ ਸਿੰਘ ਗੜ੍ਹੀ

ਰਾਸ਼ਨ ਦੀਆ ਕਿੱਟਾਂ ਅਤੇ ਦਵਾਈਆਂ ਵੱਖ-ਵੱਖ ਸਥਾਨਾਂ ਤੇ ਵੰਡੀਆਂ



ਡੇਰਾ ਬਾਬਾ ਨਾਨਕ/ਗੁਰਦਾਸਪੁਰ, 8 ਸਤੰਬਰ 2025 (ਮੰਨਨ ਸੈਣੀ)–  ਸ਼੍ਰੀ ਜਸਵੀਰ ਸਿੰਘ ਗੜ੍ਹੀ, ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀ, ਕਮਿਸ਼ਨ ਅੱਜ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ ਅਤੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਦੁੱਖ ਦਰਦ ਸੁਣਿਆ।

ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਰਾਵੀ ਦਰਿਆ ਨੇੜਲੇ ਪਿੰਡ ਮਨਸੂਰਕੇ ਵਿਖੇ ਪਿੰਡ ਵਾਸੀਆਂ ਨਾਲ ਗੱਲ ਬਾਤ ਕੀਤੀ ਅਤੇ ਹੜ੍ਹ ਕਾਰਨ ਘਰਾਂ ਨੂੰ ਪੁੱਜੇ ਨੁਕਸਾਨ ਬਾਰੇ ਜਾਣਕਾਰੀ ਲਈ ਅਤੇ ਖ਼ੁਦ ਨੁਕਸਾਨੇ ਗਏ ਘਰਾਂ ਵਿੱਚ ਜਾ ਕੇ ਪੀੜਤਾਂ ਦੇ ਦਰਦ ਨੂੰ ਮਹਿਸੂਸ ਕੀਤਾ।

ਇਸ ਮੌਕੇ ਉਨ੍ਹਾਂ ਪੀੜਤ ਪਰਿਵਾਰਾਂ  ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਨ ਅਤੇ ਉਨ੍ਹਾਂ ਦੇ ਘਰਾਂ ਦਾ ਜੋ  ਨੁਕਸਾਨ  ਹੋਇਆ ਹੈ, ਉਸ ਬਾਰੇ ਸਰਕਾਰ ਨੂੰ ਜਾਣਕਾਰੀ ਦੇਣਗੇ ਅਤੇ ਪੀੜਤ ਪਰਿਵਾਰ ਦੀ ਹਰ-ਸੰਭਵ ਸਹਾਇਤਾ ਕੀਤੀ ਜਾਵੇਗੀ।

ਇਸ ਮੌਕੇ ਪਿੰਡ ਦੇ ਸਰਪੰਚ ਵਿਕਟਰ ਸਿੰਘ ਅਤੇ ਪਿੰਡ ਵਾਸੀਆਂ ਨੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਧਰਵਾਸ ਮਿਲਿਆ ਹੈ। ਸਰਪੰਚ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਦਿਹਾੜੀਦਾਰ ਅਤੇ ਮਜ਼ਦੂਰ ਪਰਿਵਾਰਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਕਰੀਬ 30 ਘਰ ਨੁਕਸਾਨੇ ਗਏ ਹਨ। ਜ਼ਿਆਦਾਤਰ ਘਰਾਂ ਦੀਆਂ ਛੱਤਾਂ ਅਤੇ ਬਾਲੇ ਡਿੱਗੇ ਹਨ ਅਤੇ ਮਕਾਨਾਂ ਦੀਆ ਦੀਵਾਰਾਂ ਵਿੱਚ ਤਰੇੜਾਂ ਆ ਗਈਆਂ ਹਨ।

ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਇਨ੍ਹਾਂ ਪਰਿਵਾਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਭਰਾਵਾ ਨੂੰ ਫ਼ਸਲ ਦਾ ਨੁਕਸਾਨ ਹੋਣ ਤੇ ਮੁਆਵਜ਼ਾ ਮਿਲਦਾ ਹੈ ਉਸੇ ਤਰ੍ਹਾਂ ਮਜ਼ਦੂਰ ਤੇ ਗ਼ਰੀਬ ਪਰਿਵਾਰ ਨੂੰ ਵੀ ਰਾਹਤ ਦੇਣ ਲਈ ਸਰਕਾਰ ਨੂੰ ਬੇਨਤੀ ਕਰਨਗੇ ਤਾਂ ਜੋ ਇਨ੍ਹਾਂ ਲੋਕਾਂ ਦਾ ਦਰਦ ਵੰਡਾਇਆ ਜਾ ਸਕੇ।

ਇਸ ਉਪਰੰਤ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਪਿੰਡ ਡਾਲਾ ਦੇ ਨੇੜੇ ਧੁੱਸੀ ਬੰਨ੍ਹ ਦਾ ਨਿਰੀਖਣ ਵੀ ਕੀਤਾ ਗਿਆ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਮੌਜੂਦਾ ਸਥਿਤੀ ਦੀ ਜਾਣਕਾਰੀ ਲਈ। ਪਿੰਡ ਵਾਸੀਆਂ ਨੇ ਚੇਅਰਮੈਨ ਗੜ੍ਹੀ ਦੇ ਧਿਆਨ ਵਿੱਚ ਲਿਆਂਦਾ ਕਿ ਧੁੱਸੀ ਨੇੜੇ ਲਿੰਕ ਸੜਕ ਟੁੱਟਣ ਕਾਰਨ ਆਵਾਜਾਈ ਦੀ ਬਹੁਤ ਮੁਸ਼ਕਿਲ ਆ ਰਹੀ ਹੈ ਤਾਂ ਚੇਅਰਮੈਨ ਗੜ੍ਹੀ ਵੱਲੋਂ ਤੁਰੰਤ ਤਹਿਸੀਲਦਾਰ ਫ਼ਤਿਹਗੜ੍ਹ ਚੂੜੀਆਂ ਨੂੰ ਸੜਕ ਵਿਚਲੇ ਟੋਟੇ ਨੂੰ ਠੀਕ ਕਰਨ ਦੀ ਹਦਾਇਤ ਕੀਤੀ।

ਇਸ ਮੌਕੇ ਰਾਸ਼ਨ ਦੀਆ ਕਿੱਟਾਂ ਵੱਖ-ਵੱਖ ਸਥਾਨਾਂ ਤੇ ਵੰਡੀਆਂ ਗਈਆਂ ਅਤੇ ਆਮ ਲੋਕਾਂ ਦੇ ਇਲਾਜ ਲਈ ਸੰਤ ਸਿਪਾਹੀ ਸੁਸਾਇਟੀ ਨੂੰ  ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਕਰ (ਡਾ.) ਵੱਲੋਂ 40 ਹਜ਼ਾਰ ਦੀਆ ਦਵਾਈਆਂ ਵੀ ਭੇਂਟ ਕੀਤੀਆਂ।  

ਚੇਅਰਮੈਨ ਗੜ੍ਹੀ ਨੇ ਕਿਹਾ ਕਿ ਹੜ੍ਹਾਂ ਕਾਰਨ ਦਰਿਆ ਦੇ ਨੇੜਲੇ ਪਿੰਡਾਂ ਵਿੱਚ ਸਰਕਾਰ ਵੱਲੋਂ  ਰਾਹਤ ਕਾਰਜ ਅਤੇ ਰਾਹਤ ਸਮਗਰੀ ਪੁੱਜਦਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਸਰਕਾਰ ਹੜ੍ਹ ਪੀੜਤਾਂ ਦੇ  ਨਾਲ ਮੋਢੇ ਨਾ ਮੋਢਾ ਲਾ ਕੇ ਖੜ੍ਹੀ ਹੈ।

ਇਸ ਮੌਕੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਕਰ (ਡਾ.), ਭਾਈ ਦਵਿੰਦਰ ਸਿੰਘ ਖ਼ਾਲਸਾ, ਸੰਤ ਸਿਪਾਹੀ ਸੁਸਾਇਟੀ ਲੁਧਿਆਣਾ, ਤਹਿਸੀਲਦਾਰ ਲਛਮਣ ਸਿੰਘ, ਸੁਖਵਿੰਦਰ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ ਅਤੇ ਸਰਪੰਚ ਵਿਕਟਰ ਸਿੰਘ ਮੌਜੂਦ ਸਨ।

Written By
The Punjab Wire