ਭਾਰਤੀ ਫ਼ੌਜ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਖੇਤਰ ਇਸਲਾਮਪੁਰ (ਦੋਰਾਂਗਲਾ) ਵਿਖੇ ਮੈਡੀਕਲ ਕੈਂਪ ਲਗਾਇਆ
ਮਾਹਿਰ ਡਾਕਟਰਾਂ ਨੇ 219 ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ
ਦੋਰਾਂਗਲਾ/ਗੁਰਦਾਸਪੁਰ, 07 ਸਤੰਬਰ 2025 (ਮੰਨਨ ਸੈਣੀ) – ਭਾਰਤੀ ਫ਼ੌਜ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਖੇਤਰ ਇਸਲਾਮਪੁਰ (ਦੋਰਾਂਗਲਾ) ਦੇ ਡਿਵਾਈਨ ਲਾਈਟ ਮਾਡਰਨ ਸਕੂਲ ਵਿਖੇ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮਕਸਦ ਹੜ੍ਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਤੁਰੰਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸੀ।
ਇਸ ਮੈਡੀਕਲ ਕੈਂਪ ਵਿੱਚ ਫ਼ੌਜ ਦੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਨੇ ਬੱਚਿਆਂ, ਬਜ਼ੁਰਗਾਂ ਅਤੇ ਹੋਰ ਪ੍ਰਭਾਵਿਤ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੰਡੀਆਂ। ਇਸ ਕੈਂਪ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਹ ਸਹੂਲਤਾਂ ਪਹੁੰਚ ਸਕਣ। ਇਸ ਮੈਡੀਕਲ ਕੈਂਪ ਵਿੱਚ 16 ਮਾਹਿਰ ਡਾਕਟਰਾਂ ਜਿਨ੍ਹਾਂ ਵਿੱਚ 5 ਸਪੈਸ਼ਲਿਸਟ ਡਾਕਟਰ ਸੀ.ਐੱਮ.ਸੀ. ਲੁਧਿਆਣਾ ਦੇ ਸਨ ਵੱਲੋਂ 219 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਔਰਤਾਂ ਤੇ ਬੱਚਿਆਂ ਦੀਆਂ ਬਿਮਾਰੀਆਂ ਦੇ ਇਲਾਜ ਉੱਪਰ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਤੋਂ ਇਲਾਵਾ ਫੌਜ ਦੀਆਂ ਮੈਡੀਕਲ ਟੀਮਾਂ ਕਿਸ਼ਤੀਆਂ ਵਿੱਚ ਸਵਾਰ ਹੋ ਹੜ੍ਹ ਦੇ ਪਾਣੀ ਵਿੱਚ ਘਿਰੇ ਘਰਾਂ ਤੱਕ ਵੀ ਗਏ ਅਤੇ ਓਥੇ ਵੀ ਲੋੜਵੰਦਾਂ ਨੂੰ ਮੈਡੀਕਲ ਸਹਾਇਤਾ ਦਿੱਤੀ।
ਭਾਰਤੀ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਵ ਕਾਰਜਾਂ ਦੇ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਹ ਯਤਨ ਲਗਾਤਾਰ ਜਾਰੀ ਰਹਿਣਗੇ।