ਵਿਧਾਇਕ ਪਾਹੜਾ ਨੇ ਰਾਤ 2 ਵਜੇ ਲਾਈਵ ਹੋ ਕੇ ਦਿੱਤੀ ਧੁੱਸੀ ਬੰਨ੍ਹ ਦੀ ਮੁਰੰਮਤ ਬਾਰੇ ਜਾਣਕਾਰੀ
ਗੁਰਦਾਸਪੁਰ, 3 ਸਤੰਬਰ 2025 (ਮੰਨਨ ਸੈਣੀ)। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਧੁੱਸੀ ਬੰਨ੍ਹ ਕਰੀਬ 14 ਥਾਵਾਂ ਤੋਂ ਟੁੱਟ ਗਿਆ ਸੀ, ਜਿਸ ਨਾਲ ਪਿਛਲੇ ਦਿਨੀਂ ਭਾਰੀ ਨੁਕਸਾਨ ਹੋਇਆ ਸੀ। ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ, ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਨੋਮਨੀ ਨਾਲੇ ਦੇ ਗਾਹਲੜੀ ਹੈੱਡਵਰਕਸ ਨੇੜੇ ਧੁੱਸੀ ਵਿੱਚ ਪਈ ਲਗਭਗ 500 ਫੁੱਟ ਦੀ ਦਰਾਰ ਨੂੰ ਭਰਨ ਲਈ ਪਿਛਲੇ ਚਾਰ ਦਿਨਾਂ ਤੋਂ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ, ਬੁੱਧਵਾਰ ਨੂੰ ਰਾਵੀ ਵਿੱਚ ਪਾਣੀ ਦਾ ਪੱਧਰ ਫਿਰ ਤੋਂ ਵਧਣ ਕਾਰਨ ਨੋਮਨੀ ਵਿੱਚ ਪਾਣੀ ਆਉਣ ਨਾਲ ਪਾਹੜਾ ਅਤੇ ਉਨ੍ਹਾਂ ਦੀ ਟੀਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਵਿਧਾਇਕ ਪਾਹੜਾ ਨੇ ਦੱਸਿਆ ਕਿ ਗਾਹਲੜੀ ਨੇੜੇ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਕੋਲ ਧੁੱਸੀ ਬੰਨ੍ਹ ਵਿੱਚ ਦੋ ਦਰਾਰਾਂ ਪੈ ਗਈਆਂ ਸਨ, ਜਿਨ੍ਹਾਂ ਵਿੱਚੋਂ ਇੱਕ 100 ਫੁੱਟ ਅਤੇ ਦੂਜੀ 500 ਫੁੱਟ ਲੰਬੀ ਸੀ। ਇਸ ਜਗ੍ਹਾ ਤੋਂ ਪਾਣੀ ਤੇਜ਼ੀ ਨਾਲ ਨਿਕਲ ਕੇ ਅੱਗੇ ਸੈਂਕੜੇ ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ। ਜਦੋਂ ਉਹ ਆਪਣੇ ਭਰਾ ਬਲਜੀਤ ਸਿੰਘ ਪਾਹੜਾ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਤਾਂ ਉਨ੍ਹਾਂ ਨੂੰ ਇਸ ਸਮੱਸਿਆ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਦੋਹਾਂ ਦਰਾਰਾਂ ਨੂੰ ਭਰਨ ਦਾ ਬੀੜਾ ਚੁੱਕ ਲਿਆ।
ਐਤਵਾਰ ਦੀ ਰਾਤ ਕਰੀਬ 2 ਵਜੇ ਫੇਸਬੁੱਕ ‘ਤੇ ਲਾਈਵ ਹੋ ਕੇ ਬਰਿੰਦਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪਹਿਲੀ ਦਰਾਰ ਨੂੰ 24 ਘੰਟੇ ਦਿਨ-ਰਾਤ ਕੰਮ ਕਰਕੇ ਭਰ ਦਿੱਤਾ ਸੀ। ਜਦੋਂਕਿ ਐਤਵਾਰ ਤੋਂ ਲਗਾਤਾਰ ਦੂਜੀ ਦਰਾਰ ਨੂੰ ਭਰਨ ਦਾ ਕੰਮ ਵੀ ਚੱਲ ਰਿਹਾ ਹੈ। ਇਸ ਕੰਮ ਨੂੰ ਪੂਰਾ ਕਰਨ ਲਈ ਉਹ ਆਪਣੇ ਸਾਥੀਆਂ ਨਾਲ ਦਿਨ-ਰਾਤ ਧੁੱਸੀ ‘ਤੇ ਡਟੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਨੋਮਨੀ ਵਿੱਚ ਫਿਰ ਤੋਂ ਪਾਣੀ ਜ਼ਿਆਦਾ ਆਉਣ ਨਾਲ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਪੂਰੀ ਹਿੰਮਤ ਨਾਲ ਕੰਮ ਨੂੰ ਮੁਕੰਮਲ ਕਰਨ ਵਿੱਚ ਲੱਗੇ ਹੋਏ ਹਨ।