100 ਫੁੱਟ ਦੀ ਦਰਾਰ ਭਰੀ, ਹੁਣ 500 ਫੁੱਟ ਦੀ ਦਰਾਰ ਪੂਰੀ ਕਰਨ ਦਾ ਕੰਮ ਜਾਰੀ
“ਭਾਵੇਂ ਇਹ ਸਰਕਾਰ ਦਾ ਕੰਮ ਸੀ, ਪਰ ਲੋਕਾਂ ਦੇ ਨੁਕਸਾਨ ਨੂੰ ਵੇਖ ਕੇ ਬੀੜਾ ਖੁਦ ਚੁੱਕਿਆ” – ਪਾਹੜਾ
ਦੀਨਾਨਗਰ, ਗੁਰਦਾਸਪੁਰ, 31 ਅਗਸਤ 2025 (ਮੰਨਨ ਸੈਣੀ)। ਹਲਕਾ ਦੀਨਾਗਰ ਅਧੀਨ ਪੈਂਦੇ ਗਾਹਲੜੀ ਨੇੜੇ ਧੁੱਸੀਆਂ ਦੇ ਟੁੱਟੇ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਆਪਣੇ ਖ਼ਰਚੇ ‘ਤੇ ਕਰਵਾਇਆ ਜਾ ਰਿਹਾ ਹੈ।
ਲਗਾਤਾਰ ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਹੋਈ ਵਰਖਾ ਨਾਲ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਰਕੇ ਧੁੱਸੀਆਂ ਕਈ ਥਾਵਾਂ ਤੋਂ ਟੁੱਟ ਗਈਆਂ। ਖ਼ਾਸ ਕਰਕੇ ਗਾਹਲੜੀ ਨੇੜੇ ਨੋਮਨੀ ਨਾਲੇ ਉੱਤੇ ਬਣੀ ਧੁੱਸੀ ਦੋ ਥਾਵਾਂ ਤੋਂ ਟੁੱਟ ਗਈ ਸੀ। ਜਿਸ ਦੇ ਚਲਦੇ ਇੱਕ ਥਾਂ ‘ਤੇ ਕਰੀਬ 100 ਫੁੱਟ ਤੇ ਦੂਜੇ ਪਾਸੇ ਕਰੀਬ 500 ਫੁੱਟ ਲੰਮੀ ਦਰਾਰ ਪੈ ਗਈ ਸੀ। ਇਨ੍ਹਾਂ ਦਰਾਰਾਂ ਰਾਹੀਂ ਪਾਣੀ ਤੇਜ਼ੀ ਨਾਲ ਗਾਹਲੜੀ, ਮਗਰਮੁੱਦੀਆਂ ਅਤੇ ਹੋਰ ਪਿੰਡਾਂ ਵਿੱਚ ਵਗ ਰਿਹਾ ਸੀ।
ਵਿਧਾਇਕ ਬਰਿੰਦਰਮੀਤ ਪਾਹੜਾ, ਆਪਣੇ ਭਰਾ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਅਤੇ ਸਾਰੇ ਪਰਿਵਾਰ ਸਮੇਤ ਬਾਢ਼-ਪੀੜਤਾਂ ਦੀ ਸਹਾਇਤਾ ਵਿੱਚ ਲੱਗੇ ਹੋਏ ਹਨ। ਜਦੋਂ ਉਨ੍ਹਾਂ ਨੇ ਵੇਖਿਆ ਕਿ ਧੁੱਸੀਆਂ ਦੇ ਟੁੱਟਣ ਨਾਲ ਕਈ ਪਿੰਡ ਪ੍ਰਭਾਵਿਤ ਹੋ ਰਹੇ ਹਨ, ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਦਰਾਰਾਂ ਨੂੰ ਭਰਨ ਦਾ ਫ਼ੈਸਲਾ ਕੀਤਾ।

ਸ਼ਨੀਵਾਰ ਨੂੰ ਵਰਕਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ 100 ਫੁੱਟ ਦੀ ਦਰਾਰ ਨੂੰ ਮਿੱਟੀ ਨਾਲ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ, ਜੋ ਸਾਰੀ ਰਾਤ ਲਗਾਤਾਰ ਮਿਹਨਤ ਨਾਲ ਪੂਰਾ ਕਰ ਦਿੱਤਾ ਗਿਆ। ਇਸ ਵੇਲੇ 500 ਫੁੱਟ ਦੀ ਦਰਾਰ ਨੂੰ ਭਰਨ ਦਾ ਕੰਮ ਜਾਰੀ ਹੈ।
ਵਿਧਾਇਕ ਪਾਹੜਾ ਨੇ ਕਿਹਾ, “ਭਾਵੇਂ ਇਹ ਕੰਮ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸੀ, ਪਰ ਲੋਕਾਂ ਦੇ ਹੋ ਰਹੇ ਨੁਕਸਾਨ ਨੂੰ ਵੇਖਦਿਆਂ ਅਸੀਂ ਖੁਦ ਬੀੜਾ ਚੁੱਕਿਆ ਹੈ। ਮਿੱਟੀ ਆਪਣੇ ਖੇਤਾਂ ਤੋਂ ਖੁਦਵਾ ਰਹੇ ਹਾਂ ਅਤੇ ਟ੍ਰਾਲਿਆਂ ਤੇ ਜੇਸੀਬੀ ਦਾ ਪ੍ਰਬੰਧ ਵੀ ਆਪਣੇ ਖ਼ਰਚੇ ‘ਤੇ ਕਰ ਰਹੇ ਹਾਂ। ਵਰਖਾ ਕਾਰਨ ਕੰਮ ਵਿੱਚ ਜ਼ਰੂਰ ਦੇਰੀ ਹੋ ਰਹੀ ਹੈ, ਪਰ ਸਾਡੇ ਹੌਸਲੇ ਬੁਲੰਦ ਹਨ।”
ਉਨ੍ਹਾਂ ਨੇ ਕਿਹਾ ਕਿ ਸਾਰਾ ਕੰਮ ਉਹ ਖੁਦ ਆਪਣੀ ਦੇਖ-ਭਾਲ ਵਿੱਚ ਕਰਵਾ ਰਹੇ ਹਨ, ਜਿਸ ਵਿੱਚ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਅਤੇ ਸਾਰੇ ਵਰਕਰ ਪੂਰਾ ਸਾਥ ਦੇ ਰਹੇ ਹਨ।
ਇਸ ਮਾਮਲੇ ‘ਤੇ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ, “ਸਰਕਾਰ ਦੇ ਵਿਰੁੱਧ ਲੋਕਾਂ ਵਿੱਚ ਕਾਫ਼ੀ ਰੋਸ ਹੈ, ਪਰ ਇਸ ਸਮੇਂ ਰਾਜਨੀਤੀ ਕਰਨ ਦੀ ਥਾਂ ਲੋਕਾਂ ਦੀ ਸਹਾਇਤਾ ਸਭ ਤੋਂ ਪਹਿਲਾਂ ਹੈ। ਲੋਕਾਂ ਦੇ ਪ੍ਰਤਿਨਿਧੀ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਨਾਲ ਖੜ੍ਹੇ ਰਹੀਏ। ਸਮਾਂ ਆਉਣ ‘ਤੇ ਸਰਕਾਰ ਦੇ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਜਾਵੇਗੀ।”