Close

Recent Posts

ਗੁਰਦਾਸਪੁਰ ਪੰਜਾਬ

ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਮਾਝੇ ਦੇ ਹੜ੍ਹ ਪੀੜਤਾਂ ਦੀ ਮਦਦ ਜਾਰੀ

ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਮਾਝੇ ਦੇ ਹੜ੍ਹ ਪੀੜਤਾਂ ਦੀ ਮਦਦ ਜਾਰੀ
  • PublishedAugust 30, 2025

ਅਜਨਾਲਾ ਖ਼ੇਤਰ ਦੇ ਹੜ੍ਹ ਪੀੜਤਾਂ ਲਈ ਪ੍ਰਸ਼ਾਸਨ ਨੂੰ ਸੌਂਪਿਆ 63 ਕੁਇੰਟਲ ਸੁੱਕਾ ਰਾਸ਼ਨ

ਅਜਨਾਲਾ/ਅੰਮ੍ਰਿਤਸਰ,30 ਅਗਸਤ 2025 (ਦੀ ਪੰਜਾਬ ਵਾਇਰ )। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕੁਝ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ,ਜਿਸ ਕਾਰਨ ਵੱਡੇ ਪੱਧਰ ਤੇ ਲੋਕਾਂ ਅਤੇ ਫ਼ਸਲਾਂ ਦਾ ਖ਼ਤਰੇ ਪੈਣ ਦੇ ਨਾਲ-ਨਾਲ ਆਮ ਜਨ-ਜੀਵਨ ਵੀ ਅਸਤ ਵਿਅਸਤ ਹੋਇਆ ਪਿਆ ਹੈ। ਇਸ ਮੁਸ਼ਕਿਲ ਘੜੀ ਦੌਰਾਨ ਲੋੜਵੰਦਾਂ ਦੇ ਮਸੀਹੇ ਵੱਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ.ਸਿੰਘ ਓਬਰਾਏ ਵੱਲੋਂ ਅੱਜ ਅਜਨਾਲਾ ਖੇਤਰ ਦੇ ਹੜ੍ਹ ਪੀੜਤ ਲੋਕਾਂ ਲਈ ਕਰੀਬ 63 ਕੁਇੰਟਲ ਸੁੱਕਾ ਰਾਸ਼ਨ ਅਜਨਾਲਾ ਵਿਖੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਗਿਆ। ਜਿਸ ਦੌਰਾਨ ਹੜ੍ਹਾਂ ਲਈ ਬਣੀ ਉੱਚ ਤਾਕਤੀ ਕਮੇਟੀ ਦੇ ਸੀਨੀਅਰ ਅਫ਼ਸਰ ਸ੍ਰੀ ਕਮਲ ਕਿਸ਼ੋਰ ਯਾਦਵ ਸਕੱਤਰ ਉਦਯੋਗ ਅਤੇ ਨਿਵੇਸ਼,ਸ੍ਰੀ ਬਸੰਤ ਗਰਗ ਸਕੱਤਰ ਖੇਤੀਬਾੜੀ,ਸ੍ਰੀ ਵਰਨ ਰੂਜ਼ਮ ਸਕੱਤਰ ਟਰਾਂਸਪੋਰਟ,ਏ.ਡੀ.ਸੀ. ਰੋਹਿਤ ਗੁਪਤਾ ਅਤੇ ਰੈੱਡ ਕ੍ਰਾਸ ਦੇ ਸੈਕਟਰੀ ਸੈਮਸਨ ਮਸੀਹ ਵੀ ਉਚੇਚੇ ਤੌਰ ਤੇ ਮੌਜ਼ੂਦ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਪੀ. ਓਬਰਾਏ ਨੇ ਕਿਹਾ ਕਿ ਪੰਜਾਬ ਇਸ ਸਮੇਂ ਹੜ੍ਹਾਂ ਕਾਰਨ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ ਦਾ ਵੱਡਾ ਹਿੱਸਾ ਪਾਣੀ ਦੀ ਮਾਰ ਹੇਠ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਸ ਮੁਸ਼ਕਿਲ ਘੜੀ ‘ਚ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਦੇ ਬਿਹਤਰ ਹੋਣ ਤੱਕ ਜਿਸ ਤਰ੍ਹਾਂ ਦੀ ਸਹਾਇਤਾ ਦੀ ਜ਼ਰੂਰਤ ਹੋਵੇਗੀ ਟਰੱਸਟ ਉਹ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਪ੍ਰਸ਼ਾਸਨ ਤੇ ਲੋਕਾਂ ਨੂੰ ਹਰ ਪੱਖ ਤੋਂ ਸਹਿਯੋਗ ਦੇਵੇਗਾ। ਜਿਸ ਜਿਸ ਲਈ ਉਹਨਾਂ ਵੱਲੋਂ ਹੁਣ ਤੱਕ ਡੇਢ ਕਰੋੜ ਰੁਪਏ ਦੀ ਰਾਸ਼ੀ ਦਾ ਸਮਾਨ ਵੱਖ-ਵੱਖ ਥਾਵਾਂ ਤੇ ਭੇਜਿਆ ਜਾ ਚੁੱਕਾ ਹੈ।

ਟਰੱਸਟ ਵੱਲੋਂ ਅਜਨਾਲਾ ਖੇਤਰ ਦੇ ਹੜ੍ਹ ਪੀੜਤਾਂ ਲਈ ਸੁੱਕਾ ਰਾਸ਼ਨ ਪ੍ਰਸ਼ਾਸਨ ਨੂੰ ਸੌਂਪਣ ਪਹੁੰਚੇ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਖਜਾਨਚੀ ਨਵਜੀਤ ਕਈ,ਐਕਸੀਅਨ ਜਗਦੇਵ ਸਿੰਘ ਛੀਨਾ,ਅਮਰਜੀਤ ਸਿੰਘ ਸੰਧੂ, ਮਨਪ੍ਰੀਤ ਸਿੰਘ ਕੰਬੋਜ਼ ਨੇ ਦੱਸਿਆ ਕਿ ਅੱਜ ਟਰੱਸਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 25 ਕਿਲੋ ਪ੍ਰਤੀ ਕਿੱਟ ਸੁੱਕੇ ਰਾਸ਼ਨ ਦੀਆਂ 250 ਕਿੱਟਾਂ ਸੌਂਪੀਆਂ ਗਈਆਂ ਹਨ। ਜਿਸ ਵਿੱਚ ਆਟਾ,ਚੌਲ, ਦਾਲਾਂ,ਖੰਡ,ਪੱਤੀ, ਤੇਲ ਤੇ ਮਸਾਲੇ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਸੁੱਕੇ ਰਾਸ਼ਨ ਤੋਂ ਇਲਾਵਾ ਪਸ਼ੂਆਂ ਦਾ ਚਾਰਾ, ਦਵਾਈਆਂ, ਮੱਛਰਦਾਨੀਆਂ ਤੇ ਤਰਪਾਲਾਂ ਆਦਿ ਸਮਾਨ ਵੀ ਦਿੱਤਾ ਜਾ ਰਿਹਾ ਹੈ।

Written By
The Punjab Wire