ਹੜ੍ਹ ਦੇ ਹਾਲਾਤਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਵੀ ਆਈਆਂ ਅੱਗੇ : ਸਿਹਤ ਵਿਭਾਗ ਨੂੰ ਦਿੱਤਾ ਜ਼ਰੂਰੀ ਸਮਾਨ
ਗੁਰਦਾਸਪੁਰ, 28 ਅਗਸਤ 2025 (ਮੰਨਨ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਵਿੱਚ ਮੌਜੂਦਾ ਹੜ੍ਹ ਕਾਰਨ ਬਣੇ ਹਾਲਾਤਾਂ ਨਾਲ ਨਜਿੱਠਣ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਸਿਹਤ ਵਿਭਾਗ ਦੇ ਸਹਿਯੋਗ ਲਈ ਅੱਗੇ ਆਈਆਂ ਹਨ। ਇਹ ਸੰਸਥਾਵਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸਿਹਤ ਵਿਭਾਗ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾ ਰਹੀਆਂ ਹਨ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਗੁਰਦਾਸਪੁਰ ਵੱਲੋਂ ਸਿਹਤ ਵਿਭਾਗ ਨੂੰ ਮੱਛਰਾਂ ਤੋਂ ਬਚਾਅ ਲਈ ਕਰੀਮ ਅਤੇ ਧੂੰਏਂ ਲਈ ਕੋਇਲਾਂ ਦਿੱਤੀਆਂ ਗਈਆਂ ਹਨ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੇ ਪ੍ਰਧਾਨ ਜਸਪਾਲ ਸਿੰਘ, ਸਿਹਤ ਵਿਭਾਗ ਦੇ ਸੇਵਾਮੁਕਤ ਅਸਿਸਟੈਂਟ ਮਲੇਰੀਆ ਅਫਸਰ ਜਗਦੀਸ਼ ਸਿੰਘ ਅਤੇ ਕੋਚ ਮਨੋਹਰ ਸਿੰਘ ਵੱਲੋਂ ਵੀ ਮੱਛਰਾਂ ਦੇ ਖ਼ਾਤਮੇ ਲਈ ਕੋਇਲਾਂ ਭੇਟ ਕੀਤੀਆਂ ਗਈਆਂ।
ਇਹ ਸਾਰਾ ਸਮਾਨ ਜ਼ਿਲ੍ਹੇ ਦੇ ਮੈਡੀਕਲ ਕੈਂਪਾਂ ਵਿੱਚ ਭੇਜ ਕੇ ਪ੍ਰਭਾਵਿਤ ਲੋਕਾਂ ਵਿੱਚ ਵੰਡਿਆ ਜਾਵੇਗਾ। ਡਾ. ਜਸਵਿੰਦਰ ਸਿੰਘ ਨੇ ਇਸ ਯੋਗਦਾਨ ਲਈ ਭਾਰਤ ਵਿਕਾਸ ਪਰਿਸ਼ਦ ਦੇ ਅਹੁਦੇਦਾਰਾਂ, ਜਸਪਾਲ ਸਿੰਘ, ਜਗਦੀਸ਼ ਸਿੰਘ ਅਤੇ ਮਨੋਹਰ ਸਿੰਘ ਦਾ ਧੰਨਵਾਦ ਕੀਤਾ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਸੰਸਥਾਵਾਂ ਵਿੱਚ ਜਰੂਰੀ ਪ੍ਰਬੰਧ ਕੀਤੇ ਗਏ ਹਨ। ਲੋਕਾਂ ਨੂੰ ਸਾਫ਼-ਸਫ਼ਾਈ, ਚੰਗੇ ਖਾਣ-ਪੀਣ ਅਤੇ ਜ਼ਰੂਰੀ ਸਿਹਤ ਨੁਕਤਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸਾਫ਼ ਪਾਣੀ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਇਸ ਮੌਕੇ ਏ.ਸੀ.ਐਸ. ਡਾ. ਪ੍ਰਭਜੋਤ ਕੌਰ ਕਲਸੀ, ਜ਼ਿਲ੍ਹਾ ਐਪਿਡਮੋਲੋਜਿਸਟ ਡਾ. ਗੁਰਪ੍ਰੀਤ ਕੌਰ, ਜ਼ਿਲ੍ਹਾ ਸਿਹਤ ਅਫਸਰ ਡਾ. ਅੰਕੁਰ ਕੌਸ਼ਲ ਆਦਿ ਵੀ ਹਾਜ਼ਰ ਸਨ।