Close

Recent Posts

ਸਿਹਤ ਗੁਰਦਾਸਪੁਰ

ਹੜ੍ਹ ਪ੍ਰਭਾਵਿਤ ਖੇਤਰਾਂ ਦਾ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਵੱਲੋਂ ਦੌਰਾ, ਬਿਮਾਰੀਆਂ ਤੋਂ ਬਚਾਅ ਲਈ ਪ੍ਰਬੰਧ ਮਜ਼ਬੂਤ ਕਰਨ ਦੇ ਨਿਰਦੇਸ਼, ਭਾਮ ਵਿੱਖੇ ਲੱਗਾ ਮੈਡਿਕਲ ਕੈਂਪ

ਹੜ੍ਹ ਪ੍ਰਭਾਵਿਤ ਖੇਤਰਾਂ ਦਾ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਵੱਲੋਂ ਦੌਰਾ, ਬਿਮਾਰੀਆਂ ਤੋਂ ਬਚਾਅ ਲਈ ਪ੍ਰਬੰਧ ਮਜ਼ਬੂਤ ਕਰਨ ਦੇ ਨਿਰਦੇਸ਼, ਭਾਮ ਵਿੱਖੇ ਲੱਗਾ ਮੈਡਿਕਲ ਕੈਂਪ
  • PublishedAugust 28, 2025

ਗੁਰਦਾਸਪੁਰ, 28 ਅਗਸਤ 2025 (ਮੰਨਨ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਕਾਰਨ ਬਣੇ ਹਾਲਾਤਾਂ ਦੇ ਮੱਦੇਨਜ਼ਰ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਅੱਜ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਂਚ ਕੀਤੀ।

ਉਨ੍ਹਾਂ ਨੇ ਸੀ.ਐਚ.ਸੀ. ਕਲਾਨੌਰ ਦਾ ਨਿਰੀਖਣ ਕਰਦੇ ਹੋਏ ਮੈਡੀਕਲ ਟੀਮਾਂ ਦੇ ਗਠਨ, ਮੈਡੀਕਲ ਕੈਂਪਾਂ ਦੀ ਸਥਾਪਨਾ ਅਤੇ ਸਾਫ਼ ਪਾਣੀ ਦੇ ਪ੍ਰਬੰਧ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਸਾਰੇ ਸਟਾਫ ਨੂੰ ਹੋਰ ਚੁਸਤ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਸਿਵਲ ਸਰਜਨ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਦੂਸ਼ਿਤ ਪਾਣੀ ਨਾਲ ਹੈਜ਼ਾ, ਦਸਤ, ਪੀਲੀਆ, ਹੈਪੇਟਾਈਟਿਸ ਏ ਅਤੇ ਟਾਈਫਾਈਡ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਲੋਕਾਂ ਨੂੰ ਸਾਫ਼-ਸਫ਼ਾਈ, ਚੰਗੇ ਖਾਣ-ਪੀਣ ਅਤੇ ਉਬਾਲਿਆ ਜਾਂ ਫ਼ਿਲਟਰ ਕੀਤਾ ਪਾਣੀ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ।


ਭਾਮ ਬਲਾਕ ਵਿੱਚ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵੱਖ-ਵੱਖ ਪਿੰਡਾਂ ਵਿੱਚ ਮੈਡੀਕਲ ਕੈਂਪ

ਉਧਰ ਦੂਸਰੇ ਪਾਸੇ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਬਲਾਕ ਭਾਮ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਗਏ।

ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਅੰਕੁਰ ਕੌਸ਼ਲ ਨੇ ਦੱਸਿਆ ਕਿ ਸ਼੍ਰੀਹਰਗੋਬਿੰਦਪੁਰ-ਟਾਂਡਾ ਰੋਡ ‘ਤੇ ਲਗਾਏ ਕੈਂਪ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਮੱਛਰ ਤੋਂ ਬਚਾਅ ਲਈ ਕਰੀਮ ਅਤੇ ਧੂੰਏ ਲਈ ਕੋਇਲਾਂ ਵੀ ਵੰਡੀਆਂ ਗਈਆਂ।

ਉਨ੍ਹਾਂ ਕਿਹਾ ਕਿ ਪਿੰਡ ਮਾੜੀ ਪਾਨਵਾਂ ਵਿਖੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਲਗਭਗ 200 ਲੋਕ ਪਹੁੰਚੇ ਹਨ, ਜਿਨ੍ਹਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਹ ਕੈਂਪ ਪਿੰਡ ਸੰਤੋਖ ਨਗਰ ਵਿੱਚ ਲਗਾਇਆ ਗਿਆ।

ਡਾ. ਅੰਕੁਰ ਕੌਸ਼ਲ ਨੇ ਦੱਸਿਆ ਕਿ ਸਿਹਤ ਸੰਸਥਾਵਾਂ ਵਿੱਚ ਲੋੜੀਂਦੇ ਪ੍ਰਬੰਧ ਪੂਰੇ ਕੀਤੇ ਗਏ ਹਨ। ਲੋਕਾਂ ਨੂੰ ਸਾਫ਼-ਸਫ਼ਾਈ, ਪਾਣੀ ਦੀ ਕਲੋਰੀਨੇਸ਼ਨ ਅਤੇ ਸਿਹਤ ਨੁਕਤਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੌਕੇ ਡਾ. ਨਵਜੋਤ ਕੌਰ, ਬੀ.ਈ.ਈ. ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਸੁਖਚੈਨ ਸਿੰਘ, ਸੀ.ਐਚ.ਓ. ਮਨੀਸ਼ਾ ਅਤੇ ਨਵਦੀਪ ਕੌਰ ਹਾਜ਼ਰ ਸਨ।

Written By
The Punjab Wire