ਇਸ ਸੰਕਟ ਦੀ ਘੜੀ ਵਿੱਚ ਪੰਜਾਬ ਸਰਕਾਰ ਹੜ੍ਹ ਪੀੜ੍ਹਤਾਂ ਦੇ ਨਾਲ ਖੜੀ – ਰਮਨ ਬਹਿਲ
ਗੁਰਦਾਸਪੁਰ, 28 ਅਗਸਤ 2025 (ਮੰਨਨ ਸੈਣੀ)। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਕਈ ਪਿੰਡ ਹੜ੍ਹ ਦੇ ਪਾਣੀ ਵਿੱਚ ਘਿਰ ਗਏ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਦੇ ਨੁਮਾਇੰਦੇ ਲਗਾਤਾਰ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਯਤਨ ਕਰ ਰਹੇ ਹਨ। ਇਨ੍ਹਾਂ ਯਤਨਾਂ ਤਹਿਤ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਾਣੀ ਵਿੱਚ ਘਿਰੇ ਪਿੰਡ ਹਰਦਾਨ ਦੇ ਵਸਨੀਕਾਂ ਤੱਕ ਪੰਜਾਬ ਸਰਕਾਰ ਵੱਲੋਂ ਰਾਹਤ ਪਹੁੰਚਾਉਣ ਲਈ ਪਹੁੰਚ ਕੀਤੀ ਗਈ।

ਚੇਅਰਮੈਨ ਸ੍ਰੀ ਰਮਨ ਬਹਿਲ ਆਪਣੇ ਸਾਥੀਆਂ ਨਾਲ ਕਿਸ਼ਤੀ ਵਿੱਚ ਸਵਾਰ ਹੋ ਕੇ ਪਿੰਡ ਹਰਦਾਨ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮੱਗਰੀ ਵੰਡੀ ਗਈ। ਇਸ ਮੌਕੇ ਜਦੋਂ ਉਨ੍ਹਾਂ ਨੂੰ ਪਿੰਡ ਦੀ ਇੱਕ ਬਜ਼ੁਰਗ ਔਰਤ ਦੇ ਬਿਮਾਰ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਉਸ ਔਰਤ ਨੂੰ ਕਿਸ਼ਤੀ ਰਾਹੀਂ ਬਾਹਰ ਲਿਆ ਕੇ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਬੱਬਰੀ ਇਲਾਜ ਲਈ ਭੇਜਿਆ। ਇਸ ਤੋਂ ਬਾਅਦ ਚੇਅਰਮੈਨ ਸ੍ਰੀ ਰਮਨ ਬਹਿਲ ਲੋਲੇ ਨੰਗਲ (ਨੰਗਲ ਬ੍ਰਾਹਮਣਾਂ), ਮੁਕੰਦਪੁਰ ਅਤੇ ਨਾਲ ਲੱਗਦੇ ਪਿੰਡਾਂ ਦੇ ਡੇਰਿਆਂ ਤੱਕ ਕਿਸ਼ਤੀ ਰਾਹੀਂ ਪਹੁੰਚ ਕਰਕੇ ਹੜ੍ਹ ਵਿੱਚ ਫਸੇ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ।
ਇਸ ਮੌਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹੌਂਸਲਾ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਸ ਸੰਕਟ ਦੀ ਘੜ੍ਹੀ ਵਿੱਚ ਪੰਜਾਬ ਸਰਕਾਰ ਹਰ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਬੀਤੇ ਕੱਲ੍ਹ ਉਹ ਬਹਿਰਾਮਪੁਰ ਵਿਖੇ ਜ਼ਮੀਨੀ ਹਕੀਕਤ ਨੂੰ ਦੇਖ ਕੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਆਪਣਾ ਹੈਲੀਕਾਪਟਰ ਵੀ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਜ਼ਿਲ੍ਹਾ ਗੁਰਦਾਸਪੁਰ ਵਿਖੇ ਛੱਡ ਗਏ ਹਨ ਜਿਸ ਰਾਹੀਂ ਲਗਾਤਾਰ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਹ ਨਿੱਜੀ ਤੌਰ `ਤੇ ਵੀ ਆਪਣੇ ਵੱਲੋਂ ਹੜ੍ਹ ਪ੍ਰਭਾਵਿਤਾਂ ਤੱਕ ਹਰ ਸੰਭਵ ਸਹਾਇਤਾ ਪਹੁੰਚਣ ਲਈ ਯਤਨ ਕਰ ਰਹੇ ਹਨ ਅਤੇ ਸੰਕਟ ਦੀ ਇਸ ਘੜੀ ਵਿੱਚ ਉਹ ਆਪਣੇ ਲੋਕਾਂ ਦੇ ਨਾਲ ਹਨ।