ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਭਰਵਾਂ ਹੁੰਗਾਰਾ: ਡੀਆਈਜੀ ਡਾ. ਨਾਨਕ ਸਿੰਘ ਦੀ ਸਖ਼ਤ ਚੇਤਾਵਨੀ, ਨਸ਼ਾ ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਸ਼ਿਵ ਸੇਨਾ ਅਤੇ ਸਨਾਤਨ ਕ੍ਰਾਂਤੀ ਦਲ ਕਰੇਗੀ ਪੁਲਿਸ ਦਾ ਪੂਰਾ ਸਹਿਯੋਗ- ਹਰਵਿੰਦਰ ਸੋਨੀ
ਗੁਰਦਾਸਪੁਰ, 21 ਅਗਸਤ 2025 (ਮੰਨਨ ਸੈਣੀ)। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਚਲਾਈ ਜਾ ਰਹੀ ਮੁਹਿੰਮ ਨੂੰ ਜਨਤਾ ਅਤੇ ਸਮਾਜਿਕ ਸੰਗਠਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਕੜੀ ਤਹਿਤ, ਸ਼ਿਵ ਸੈਨਾ ਅਤੇ ਸਨਾਤਨ ਕ੍ਰਾਂਤੀ ਦਲ ਦੇ ਇੱਕ ਵਫ਼ਦ ਨੇ ਡੀਆਈਜੀ ਬਾਰਡਰ ਰੇਂਜ, ਡਾ. ਨਾਨਕ ਸਿੰਘ ਨਾਲ ਮੁਲਾਕਾਤ ਕਰਕੇ ਪੁਲਿਸ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
‘ਜ਼ੀਰੋ ਟੌਲਰੈਂਸ’ ਦੀ ਨੀਤੀ: ਤਸਕਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਡੀਆਈਜੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ਿਆਂ ਖਿਲਾਫ਼ ‘ਜ਼ੀਰੋ ਟੌਲਰੈਂਸ’ ਦੀ ਨੀਤੀ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਸ਼ਾ ਵੇਚਣ ਜਾਂ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਪੁਲਿਸ ਅਧਿਕਾਰੀ ਹੀ ਕਿਉਂ ਨਾ ਹੋਵੇ। ਡੀਆਈਜੀ ਨੇ ਦੱਸਿਆ ਕਿ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ, ਅਤੇ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਨਹੀਂ ਹੋ ਜਾਂਦਾ।
ਪੁਨਰਵਾਸ ਅਤੇ ਗੁਪਤ ਜਾਣਕਾਰੀ ਦੀ ਸੁਰੱਖਿਆ ਦਾ ਭਰੋਸਾ
ਸ਼ਿਵ ਸੈਨਾ ਦੇ ਆਗੂ ਹਰਵਿੰਦਰ ਸੋਨੀ ਨੇ ਡੀਆਈਜੀ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਸੰਗਠਨ ਇਸ ਜੰਗ ਵਿੱਚ ਪੁਲਿਸ ਦਾ ਪੂਰਾ ਸਹਿਯੋਗ ਕਰੇਗਾ। ਉਨ੍ਹਾਂ ਨੇ ਪੁਲਿਸ ਤੋਂ ਅਪੀਲ ਕੀਤੀ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇ ਅਤੇ ਕਿਸੇ ਵੀ ਸਿਆਸੀ ਦਬਾਅ ਹੇਠ ਕਿਸੇ ਵੀ ਤਸਕਰ ਨੂੰ ਛੱਡਿਆ ਨਾ ਜਾਵੇ। ਸੋਨੀ ਨੇ ਕੁਝ ਇਲਾਕਿਆਂ ਜਿਵੇਂ ਕਿ ਗੁਰਦਾਸਪੁਰ ਦੇ ਜੋੜਾ ਖੇਤਰ, ਮੁਹੱਲਾ ਇਸਲਾਮਾਬਾਦ, ਨੰਗਲ ਕੋਟਲੀ, ਛੱਤੀ ਖੁਈ, ਦੀਨਾਨਗਰ ਦੇ ਪਿੰਡਾਂ ਆਦਿ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਲੋੜ ਦੱਸੀ।।
ਵਫ਼ਦ ਨੇ ਪੁਲਿਸ ਵੱਲੋਂ ਨਸ਼ਾ ਕਰਨ ਵਾਲੇ ਨੌਜਵਾਨਾਂ ਦੇ ਪੁਨਰਵਾਸ ਲਈ ਬਣਾਈ ਗਈ ਨੀਤੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਵਧੀਆ ਕਦਮ ਹੈ, ਕਿਉਂਕਿ ਇਸ ਨਾਲ ਨੌਜਵਾਨਾਂ ਨੂੰ ਸਮਾਜ ਵਿੱਚ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ।
ਜਨਤਾ ਨੂੰ ਅਪੀਲ: ਨਸ਼ਾ ਮੁਕਤ ਪੰਜਾਬ ਲਈ ਪੁਲਿਸ ਦਾ ਸਾਥ ਦਿਓ
ਡਾ. ਨਾਨਕ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਜੇਕਰ ਉਨ੍ਹਾਂ ਨੂੰ ਆਪਣੇ ਆਸ-ਪਾਸ ਕੋਈ ਨਸ਼ਾ ਵੇਚਦਾ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਨੰਬਰ 9780002601 ‘ਤੇ ਸੂਚਨਾ ਦੇਣ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਤੇ ਹਰਵਿੰਦਰ ਸੋਨੀ, ਰਾਜਿੰਦਰ ਸਹਦੇਵ, ਸੌਰਵ ਗੁਪਤਾ, ਰਵੀ ਧੁੰਨਾ, ਹਰਜਿੰਦਰ, ਸਰੀਨ, ਕਰਨ ਪੁਰੀ, ਜਗਜੀਵਨ, ਵਿਸ਼ਾਲ ਸ਼ਰਮਾ, ਹਰਦੀਪ ਸ਼ਰਮਾ ਆਦਿ ਨੇ ਡੀਆਈਜੀ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ