Close

Recent Posts

ਗੁਰਦਾਸਪੁਰ ਪੰਜਾਬ

20, 21 ਤੇ 22 ਅਗਸਤ ਨੂੰ ਪੁਰਾਣੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਇੱਕ ਵਾਰ ਫਿਰ ਲੱਗੇਗਾ ‘ਉਮੀਦ ਬਜ਼ਾਰ’

20, 21 ਤੇ 22 ਅਗਸਤ ਨੂੰ ਪੁਰਾਣੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਇੱਕ ਵਾਰ ਫਿਰ ਲੱਗੇਗਾ ‘ਉਮੀਦ ਬਜ਼ਾਰ’
  • PublishedAugust 18, 2025

ਉਮੀਦ ਬਜ਼ਾਰ ਦੌਰਾਨ ਸਵੈ ਸਹਾਇਤਾ ਸਮੂਹਾਂ ਅਤੇ ਕਿਸਾਨਾਂ ਵੱਲੋਂ ਆਪਣੇ ਉਤਪਾਦਾਂ ਦੇ ਸਟਾਲ ਲਗਾਏ ਜਾਣਗੇ – ਏ.ਡੀ.ਸੀ.

ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਉਮੀਦ ਬਜ਼ਾਰ ਦੌਰਾਨ ਸਮਾਨ ਖ਼ਰੀਦਣ ਦੀ ਅਪੀਲ ਕੀਤੀ

ਗੁਰਦਾਸਪੁਰ, 18 ਅਗਸਤ 2025 (ਮੰਨਨ ਸੈਣੀ)।ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਇੱਕ ਨਿਵੇਕਲੀ ਪਹਿਲ ਕਰਦਿਆਂ ਜ਼ਿਲ੍ਹੇ ਵਿਚਲੇ ਪੇਂਡੂ ਤੇ ਸ਼ਹਿਰੀ ਖੇਤਰ ਦੇ ਸਵੈ ਸਹਾਇਤਾ ਸਮੂਹਾਂ ਨਾਲ ਜੁੜ ਕੇ ਕੰਮ ਕਰ ਰਹੀਆਂ ਔਰਤਾਂ ਨੂੰ ਆਪਣਾ ਸਮਾਨ ਵੇਚਣ ਲਈ ਪਲੇਟਫ਼ਾਰਮ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਇੱਕ ਵਾਰ ਫਿਰ ਮਿਤੀ 20, 21 ਅਤੇ 22 ਅਗਸਤ (ਦਿਨ ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ) ਨੂੰ ਪੁਰਾਣੇ ਬੱਸ ਅੱਡੇ ਗੁਰਦਾਸਪੁਰ ਵਿਖੇ ‘ਉਮੀਦ ਬਜ਼ਾਰ’ ਲਗਾਇਆ ਜਾ ਰਿਹਾ ਹੈ। ਇਸ ਉਮੀਦ ਬਜ਼ਾਰ ਵਿੱਚ ਜਿੱਥੇ ਸਵੈ ਸਹਾਇਤਾ ਨਾਲ ਜੁੜੀਆਂ ਔਰਤਾਂ ਆਪਣੇ ਉਤਪਾਦ ਵਾਜਬ ਰੇਟਾਂ ਉੱਪਰ ਵੇਚਣਗੀਆਂ ਓਥੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਵੀ ਵਿਸ਼ੇਸ਼ ਸਟਾਲ ਲਗਾ ਕੇ ਆਪਣੇ ਖੇਤੀ ਉਤਪਾਦ ਵੇਚਣਗੇ।

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਉਮੀਦ ਬਜ਼ਾਰ ਦੌਰਾਨ ਲਗਾਏ ਜਾਣ ਵਾਲੇ ਸਟਾਲਾਂ ਵਿੱਚ ਖਾਣ-ਪੀਣ ਦੇ ਸਮਾਨ ਤੋਂ ਇਲਾਵਾ, ਡੈਕੋਰੇਸ਼ਨ ਦਾ ਸਮਾਨ, ਸੂਟ ਤੇ ਫੁਲਕਾਰੀਆਂ, ਔਰਤਾਂ ਲਈ ਸ਼ਿੰਗਾਰ ਦਾ ਸਮਾਨ, ਅਚਾਰ, ਮੁਰੱਬੇ, ਦੇਸੀ ਹਲਦੀ, ਸ਼ਹਿਦ, ਬੱਚਿਆਂ ਦੇ ਖਿਡੌਣੇ ਅਤੇ ਹੋਰ ਰੋਜ਼ਾਨਾਂ ਦੀ ਜ਼ਰੂਰਤ ਦਾ ਸਮਾਨ ਵੇਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦ ਬਜ਼ਾਰ ਦੌਰਾਨ ਵੇਚਿਆ ਜਾਣ ਵਾਲਾ ਸਾਰਾ ਸਮਾਨ ਜ਼ਿਲ੍ਹੇ ਦੇ ਸਵੈ ਸਹਾਇਤਾ ਸਮੂਹਾਂ ਦੀਆਂ ਮਿਹਨਤੀ ਸਵਾਣੀਆਂ ਵੱਲੋਂ ਆਪਣੇ ਘਰਾਂ ਵਿੱਚ ਤਿਆਰ ਕੀਤਾ ਜਾਂਦਾ ਹੈ, ਜਿਸ ਦੀ ਕੁਆਲਿਟੀ ਬਹੁਤ ਵਧੀਆ ਹੋਣ ਦੇ ਨਾਲ ਕੀਮਤਾਂ ਵੀ ਬਹੁਤ ਵਾਜਬ ਹਨ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਆਪਣੇ ਖੇਤੀ ਉਤਪਾਦਾਂ ਦੀ ਵਿੱਕਰੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਉਮੀਦ ਬਜ਼ਾਰ ਦਾ ਸਮਾਂ ਮਿਤੀ 20, 21 ਅਤੇ 22 ਅਗਸਤ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ ਅਤੇ ਬਜ਼ਾਰ ਦੌਰਾਨ ਬੱਚਿਆਂ ਦੇ ਮਨੋਰੰਜਨ ਲਈ ਪੰਘੂੜੇ ਤੇ ਖਾਣ-ਪੀਣ ਲਈ ਫੂਡ ਸਟਾਲ ਵੀ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ 20, 21 ਅਤੇ 22 ਅਗਸਤ ਨੂੰ ਪੁਰਾਣੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਲੱਗਣ ਵਾਲੇ ਉਮੀਦ ਬਜ਼ਾਰ ਵਿੱਚ ਪਹੁੰਚ ਕੇ ਖ਼ਰੀਦਦਾਰੀ ਕਰਨ ਤਾਂ ਜੋ ਇਨ੍ਹਾਂ ਮਿਹਨਤੀ ਔਰਤਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਮਿਲ ਸਕੇ।

ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਇਸ ਮਹੀਨੇ 2 ਤੇ 3 ਅਗਸਤ ਨੂੰ ਪੁਰਾਣੇ ਬੱਸ ਅੱਡੇ ਗੁਰਦਾਸਪੁਰ ਵਿਖੇ ਦੋ ਰੋਜ਼ਾ ਉਮੀਦ ਬਜ਼ਾਰ ਲਗਾਇਆ ਗਿਆ ਸੀ ਜਿਸ ਵਿੱਚ ਲੋਕਾਂ ਵੱਲੋਂ ਖ਼ਰੀਦਦਾਰੀ ਵਿੱਚ ਵੱਡਾ ਉਤਸ਼ਾਹ ਦਿਖਾਇਆ ਗਿਆ ਸੀ। ਸਵੈ-ਸਹਾਇਤਾ ਸਮੂਹਾਂ ਨੂੰ ਉਨ੍ਹਾਂ ਦੇ ਉਤਪਾਦ ਵੇਚਣ ਲਈ ਪਲੇਟਫ਼ਾਰਮ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਬਾਰਾ ਤਿੰਨ ਰੋਜ਼ਾ ਇਹ ਉਮੀਦ ਬਜ਼ਾਰ ਲਗਾਇਆ ਜਾ ਰਿਹਾ ਹੈ।

Written By
The Punjab Wire