ਗੁਰਦਾਸਪੁਰ, 7 ਅਗਸਤ 2025 (ਮੰਨਨ ਸੈਣੀ)। ਸ੍ਰੀ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਅੰਮ੍ਰਿਤਸਰ ਵਿਖੇ ਬਾਰਡਰ ਰੇਂਜ ਦੇ ਨਵੇਂ ਡੀਆਈਜੀ ਨਾਨਕ ਸਿੰਘ (ਆਈ.ਪੀ.ਐਸ.) ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮੁੱਖ ਉਦੇਸ਼ ਨਾਨਕ ਸਿੰਘ ਦੀ ਇਮਾਨਦਾਰੀ ਅਤੇ ਲੋਕਾਂ ਪ੍ਰਤੀ ਵਧੀਆ ਕਾਰਜਸ਼ੈਲੀ ਲਈ ਉਨ੍ਹਾਂ ਦਾ ਸਨਮਾਨ ਕਰਨਾ ਸੀ।
ਡੀਆਈਜੀ ਨਾਨਕ ਸਿੰਘ, ਜੋ ਪਹਿਲਾਂ ਗੁਰਦਾਸਪੁਰ ਵਿੱਚ ਬਤੌਰ ਐਸ.ਐਸ.ਪੀ. ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਨੇ ਆਪਣੀ ਨਿਰਪੱਖਤਾ ਅਤੇ ਚੰਗੇ ਸੁਭਾਅ ਕਾਰਨ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਹੈ। ਅਨੂ ਗੰਡੋਤਰਾ ਨੇ ਉਨ੍ਹਾਂ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਅਧਿਕਾਰੀ ਸਮਾਜ ਲਈ ਇੱਕ ਪ੍ਰੇਰਨਾ ਸਰੋਤ ਹਨ।
ਮੁਲਾਕਾਤ ਦੌਰਾਨ ਗੰਡੋਤਰਾ ਨੇ ਡੀਆਈਜੀ ਨਾਨਕ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਗੁਰਦਾਸਪੁਰ ਵਿੱਚ ਹੋਣ ਵਾਲੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ‘ਤੇ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਗੰਡੋਤਰਾ ਨੇ ਕਿਹਾ ਕਿ ਉਨ੍ਹਾਂ ਦਾ ਮੰਚ ਹਮੇਸ਼ਾ ਅਜਿਹੇ ਅਧਿਕਾਰੀਆਂ ਦਾ ਸਨਮਾਨ ਕਰਦਾ ਹੈ ਜੋ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ। ਇਹ ਮੁਲਾਕਾਤ ਦੋਵਾਂ ਵਿਚਕਾਰ ਆਪਸੀ ਸਾਂਝ ਅਤੇ ਸਤਿਕਾਰ ਦੀ ਪ੍ਰਤੀਕ ਸੀ।