Close

Recent Posts

ਗੁਰਦਾਸਪੁਰ

ਕੂੜੇ ਦੀ ਜਗ੍ਹਾ ਨੂੰ ਲੈ ਕੇ ਫਸਿਆ ਪੇਚ ਬਰਕਰਾਰ: ਨਗਰ ਕੌਂਸਲ ਦੇ ਪ੍ਰਧਾਨ ਕੌਂਸਲਰਾਂ ਸਮੇਤ ਡੀਸੀ ਨੂੰ ਮਿਲੇ

ਕੂੜੇ ਦੀ ਜਗ੍ਹਾ ਨੂੰ ਲੈ ਕੇ ਫਸਿਆ ਪੇਚ ਬਰਕਰਾਰ: ਨਗਰ ਕੌਂਸਲ ਦੇ ਪ੍ਰਧਾਨ ਕੌਂਸਲਰਾਂ ਸਮੇਤ ਡੀਸੀ ਨੂੰ ਮਿਲੇ
  • PublishedAugust 5, 2025

ਗੁਰਦਾਸਪੁਰ, 5 ਅਗਸਤ 2025 (ਮੰਨਨ ਸੈਣੀ)। ਨਗਰ ਕੌਂਸਲ ਗੁਰਦਾਸਪੁਰ ਅੰਦਰ ਕੂੜੇ ਦੀ ਜਗ੍ਹਾ ਨੂੰ ਲੇ ਕੇ ਫਸਿਆ ਪੇਚ ਬਰਕਰਾਰ ਹੈ। ਜਿਸ ਦੇ ਚਲਦੇ ਨਗਰ ਕੌਂਸਲ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਦੇ ਨਿਪਟਾਰੇ ਲਈ ਨਗਰ ਕੌਂਸਿਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਆਪਣੇ ਕੌਂਸਲਰਾਂ ਨਾਲ ਡੀਸੀ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੂੰ ਮਿਲੇ। ਵਫ਼ਦ ਵੱਲੋਂ ਡੀਸੀ ਨੂੰ ਨਗਰ ਕੌਂਸਲ ਅਤੇ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਕੂੜੇ ਲਈ ਜਗ੍ਹਾ ਦਾ ਜਲਦੀ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।

ਐਡਵੋਕੇਟ ਬਲਜੀਤ ਸਿੰਘ ਪਾਹੜਾ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਉਨ੍ਹਾ ਵੱਲੋਂ ਡੀਸੀ ਨੂੰ ਦੱਸਿਆ ਗਿਆ ਕਿ ਨਗਰ ਕੌਂਸਲ ਕੋਲ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦਾ ਕੂੜਾ ਸੁੱਟਣ ਲਈ ਕੋਈ ਜਗ੍ਹਾ ਨਹੀਂ ਹੈ। ਜਿਸ ਜਗ੍ਹਾ ਦੀ ਤਲਾਸ਼ ਕੌਂਸਲ ਵੱਲੋਂ ਕੀਤੀ ਗਈ ਸੀ, ਉਸ ‘ਤੇ ਸਿਆਸੀ ਦਬਾਅ ਹੇਠ ਕੰਮ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸਿਆਸੀ ਦਖ਼ਲ ਕਾਰਨ ਕੌਂਸਲ ਕਰਮਚਾਰੀਆਂ ਨੂੰ ਆਪਣਾ ਕੰਮ ਕਰਨ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਪੂਰੀ ਤਨਦੇਹੀ ਨਾਲ ਆਪਣਾ ਕੰਮ ਕਰ ਰਹੇ ਹਨ। ਸ਼ਹਿਰ ਦੇ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਕੂੜਾ ਚੁੱਕਿਆ ਜਾ ਰਿਹਾ ਹੈ, ਪਰ ਘਰਾਂ ‘ਚੋਂ ਇਕੱਠਾ ਕੀਤਾ ਗਿਆ ਕੂੜਾ ਸੁੱਟਣ ਲਈ ਜਗ੍ਹਾ ਨਾ ਹੋਣ ਕਾਰਨ ਸਫ਼ਾਈ ਕਰਮਚਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਆਪਣੇ ਪੱਧਰ ‘ਤੇ ਜਗ੍ਹਾ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ, ਪਰ ਹੁਣ ਉਨ੍ਹਾਂ ਵੱਲੋਂ ਵੀ ਇਸ ਨੂੰ ਅੱਗੇ ਜਾਰੀ ਰੱਖਣ ਵਿੱਚ ਅਸਮਰੱਥਾ ਪ੍ਰਗਟਾਈ ਜਾ ਰਹੀ ਹੈ। ਜੇਕਰ ਜਲਦੀ ਹੀ ਕੂੜੇ ਲਈ ਜਗ੍ਹਾ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਕਾਫ਼ੀ ਖ਼ਰਾਬ ਹੋ ਸਕਦੇ ਹਨ, ਜਦੋਂਕਿ ਆਉਣ ਵਾਲੇ ਕੁਝ ਦਿਨਾਂ ਬਾਅਦ ਆਜ਼ਾਦੀ ਦਿਵਸ ਅਤੇ ਉਸ ਤੋਂ ਬਾਅਦ ਲਗਾਤਾਰ ਤਿਉਹਾਰਾਂ ਦਾ ਸੀਜ਼ਨ ਹੈ। ਜਿਸ ਦੇ ਮੱਦੇਨਜ਼ਰ ਕੂੜੇ ਲਈ ਜਲਦੀ ਪ੍ਰਬੰਧ ਕਰਨ ਦੀ ਲੋੜ ਹੈ। ਐਡਵੋਕੇਟ ਪਾਹੜਾ ਨੇ ਦੱਸਿਆ ਕਿ ਡੀਸੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਲਦੀ ਹੀ ਕੌਂਸਲ ਨੂੰ ਜਗ੍ਹਾ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ।

Written By
The Punjab Wire