ਵਿਸ਼ਵ ਭਰ ਦੇ ਸਾਹਮਣੇ, ਪੰਜਾਬ ਵਿੱਚ ਕੀਤੇ ਕੰਮਾਂ ਨੂੰ ਪੇਸ਼ ਕਰਨ ਦਾ ਮਿਲਿਆ ਸੁਨਹਿਰੀ ਮੌਕਾ-ਵਿਧਾਇਕ ਸ਼ੈਰੀ ਕਲਸੀ
ਗੁਰਦਾਸਪੁਰ, 4 ਅਗਸਤ 2025 (ਮੰਨਨ ਸੈਣੀ)। ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਤਿੰਨ ਦਿਨਾਂ ਐਨ.ਸੀ.ਐਸ.ਐੱਲ (National Conference of State Legislatures’-Summit) ਸਮਿਟ-2025 ਵਿੱਚ ਹਿੱਸਾ ਲੈਣ ਲਈ ਅਮਰੀਕਾ ਗਏ ਹਨ, ਜਿਥੇ ਵਿਸ਼ਵ ਭਰ ਦੇ ਚੋਣਵੇਂ ਵਿਧਾਇਕਾਂ ਨੂੰ ਵਿਸ਼ੇਸ ਤੌਰ ’ਤੇ ਸੱਦਿਆ ਗਿਆ ਹੈ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸ੍ਰੀ ਅਰਵਿੰਦ ਕੇਜਰੀਵਾਲ, ਸੁਪਰੀਮੋ ਆਮ ਆਦਮੀ ਪਾਰਟੀ ਅਤੇ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਰਹਿਨੁਮਾਈ ਹੇਠ ਉਨਾਂ ਨੂੰ ਇਸ ਵੱਡੇ ਪਲੇਟਫਾਰਮ ’ਤੇ ਜਾਣ ਦਾ ਮੌਕਾ ਮਿਲਿਆ ਹੈ। ਉਨਾਂ ਦੱਸਿਆ ਕਿ ਐਨ.ਐੱਲ.ਸੀ ਭਾਰਤ ਡੇਲੀਗੈਸ਼ਨ, ਅਮਰੀਕਾ ਦੇ ਬੋਸਟਨ ਵਿਖੇ 4 ਅਗਸਤ ਤੋਂ 6 ਅਗਸਤ ਤੱਕ ਐਨ.ਸੀ.ਐਸ.ਐੱਲ ਸਮਿਟ-2025 ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਉਨਾਂ ਨੂੰ ਵਿਸ਼ੇਸ ਤੌਰ ’ਤੇ ਬੁਲਾਇਆ ਗਿਆ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਵਿਸ਼ਵ ਭਰ ਦੇ ਵਿਧਾਇਕਾਂ ਦੇ ਹੋ ਰਹੇ ਸਮਿਟ-2025 ਵਿੱਚ ਉਨਾਂ ਦੀ ਚੋਣ ਹੋਈ ਹੈ। ਉਨਾਂ ਕਿਹਾ ਕਿ ਦੁਨੀਆਂ ਭਰ ਦੇ ਇਸ ਵੱਡੇ ਪਲੇਟਫਾਰਮ ’ਤੇ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੀਤੇ ਗਏ ਲੋਕਹਿੱਤ ਕਾਰਜਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਣਗੇ ਅਤੇ ਇਹ ਉਨਾਂ ਲਈ ਬਹੁਤ ਹੀ ਸੁਨਿਹਰੀ ਪਲ ਹਨ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ NCSL 2025 ਵਿਧਾਨਕ ਸੰਮੇਲਨ, ਰਾਜ ਦੇ ਕਾਨੂੰਨਸਾਜ਼ਾਂ ਅਤੇ ਵਿਧਾਨਕ ਸਟਾਫ਼ ਲਈ ਰਾਸ਼ਟਰੀ ਰਾਜ ਵਿਧਾਨ ਸਭਾਵਾਂ (NCSL) ਦੀ ਸਾਲਾਨਾ ਮੀਟਿੰਗ ਹੈ। ਇਹ ਜਨਤਕ ਨੀਤੀ ’ਤੇ ਕੇਂਦ੍ਰਿਤ ਇੱਕ ਵੱਡਾ ਇਕੱਠ ਹੈ, ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਸਿਹਤ ਸੰਭਾਲ ਅਤੇ ਸਿੱਖਿਆ ਵਰਗੇ ਵੱਖ-ਵੱਖ ਵਿਸ਼ਿਆਂ ’ਤੇ ਸੈਸ਼ਨ ਹੋਣਗੇ। ਇਸ ਸਾਲ, ਇਹ ਬੋਸਟਨ, ਅਮਰੀਕਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸੰਮੇਲਨ ਰਾਜ ਦੇ ਵਿਧਾਇਕਾਂ ਵਿੱਚ ਇੱਕ ਨੈੱਟਵਰਕਿੰਗ ਅਤੇ ਸਭ ਤੋਂ ਵਧੀਆ ਤਜ਼ਰਿਬਆਂ ਨੂੰ ਸਾਂਝਾ ਕਰਨ ਲਈ ਇੱਕ ਪਲੇਟਫਾਰਮ ਵਜੋਂ ਵੀ ਕੰਮ ਕਰਦਾ ਹੈ।