Close

Recent Posts

ਪੰਜਾਬ ਰਾਜਨੀਤੀ

ਪੰਜਾਬ ਨੇ ਡੇਅਰੀ ਫਾਰਮਿੰਗ ਨੂੰ ਹੁਲਾਰਾ ਦੇਣ ਲਈ 22.26 ਲੱਖ ਮਸਨੂਈ ਗਰਭਧਾਰਨ ਕਰਵਾਏ; 3.75 ਲੱਖ ਸੈਕਸਡ ਸੀਮਨ ਦੀਆਂ ਖੁਰਾਕਾਂ ਖਰੀਦੀਆਂ: ਖੁੱਡੀਆਂ

ਪੰਜਾਬ ਨੇ ਡੇਅਰੀ ਫਾਰਮਿੰਗ ਨੂੰ ਹੁਲਾਰਾ ਦੇਣ ਲਈ 22.26 ਲੱਖ ਮਸਨੂਈ ਗਰਭਧਾਰਨ ਕਰਵਾਏ; 3.75 ਲੱਖ ਸੈਕਸਡ ਸੀਮਨ ਦੀਆਂ ਖੁਰਾਕਾਂ ਖਰੀਦੀਆਂ: ਖੁੱਡੀਆਂ
  • PublishedJuly 30, 2025

ਪਸ਼ੂ ਪਾਲਣ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਪਸ਼ੂਆਂ ਵਿੱਚ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਸਮੇਂ ਸਿਰ ਟੀਕਾਕਰਨ ਪ੍ਰੋਗਰਾਮ ਲਾਗੂ ਕਰਨ ਦੇ ਨਿਰਦੇਸ਼

ਪਸ਼ੂਧਨ ਦੀ ਉਤਪਾਦਕਤਾ ਵਧਾਉਣ ਅਤੇ ਪਸ਼ੂ ਪਾਲਕਾਂ ਦੀ ਖੁਸ਼ਹਾਲੀ ਲਈ ਨਵੀਨਤਾਕਾਰੀ ਹੱਲਾਂ ‘ਤੇ ਚਰਚਾ ਕਰਨ ਲਈ ਕਰਵਾਇਆ ਸੈਮੀਨਾਰ

ਚੰਡੀਗੜ੍ਹ, 30 ਜੁਲਾਈ 2025 (ਦੀ ਪੰਜਾਬ ਵਾਇਰ)– ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਡੇਅਰੀ ਫਾਰਮਿੰਗ ਸੈਕਟਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਵਿੱਤੀ ਸਾਲ 2024-25 ਵਿੱਚ 22.26 ਲੱਖ ਮਸਨੂਈ ਗਰਭਧਾਰਨ ਕਰਵਾ ਕੇ ਮਹੱਤਵਪੂਰਨ ਪ੍ਰਗਤੀ ਹਾਸਲ ਕੀਤੀ, ਜਿਸ ਵਿੱਚ 18.50 ਲੱਖ ਸੀਮਨ ਸਟ੍ਰਾਅ (ਗਾਵਾਂ ਲਈ 6.47 ਲੱਖ ਅਤੇ ਮੱਝਾਂ ਲਈ 12.03 ਲੱਖ) ਦਾ ਉਤਪਾਦਨ ਵੀ ਕੀਤਾ ਗਿਆ।ਅੱਜ ਇੱਥੇ ਕਿਸਾਨ ਭਵਨ ਵਿਖੇ “ਪਸ਼ੂਆਂ ਦੇ ਪਾਲਣ-ਪੋਸ਼ਣ, ਵਾਰ-ਵਾਰ ਪ੍ਰਜਨਨ ਅਤੇ ਬਿਮਾਰੀ ਦੇ ਕੰਟਰੋਲ ਲਈ ਨਵੀਨਤਾਕਾਰੀ ਪਹੁੰਚ” ਵਿਸ਼ੇ ‘ਤੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ, ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉੱਚ ਜੈਨੇਟਿਕ ਯੋਗਤਾ ਵਾਲੀਆਂ ਵੱਛੀਆਂ ਪੈਦਾ ਕਰਨ ਲਈ 3.75 ਲੱਖ ਫ੍ਰੋਜ਼ਨ ਸੈਕਸਡ ਸੀਮਨ ਖਰੀਦੇ ਗਏ ਤਾਂ ਜੋ ਅਵਾਰਾ ਪਸ਼ੂਆਂ ਦੀ ਗਿਣਤੀ ਘਟਾਉਣ ਅਤੇ ਕਿਸਾਨਾਂ ਦਾ ਕੱਟਿਆਂ ਤੇ ਵੱਛਿਆਂ ਦੇ ਪਾਲਣ-ਪੋਸ਼ਣ ਉੱਤੇ ਹੋਣ ਵਾਲੇ ਖਰਚ ਦੇ ਬੋਝ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਪਸ਼ੂ ਪਾਲਣ ਵਿਭਾਗ ਵੱਲੋਂ ਉੱਚ-ਗੁਣਵੱਤਾ ਵਾਲੇ ਗਾਂ ਸੀਮਨ ਦੀ ਘਾਟ ਨੂੰ ਪੂਰਾ ਕਰਨ ਲਈ ਗਾਵਾਂ ਲਈ ਉੱਚ-ਗੁਣਵੱਤਾ ਵਾਲੇ ਸੀਮਨ ਦੀਆਂ 3.38 ਲੱਖ ਡੋਜ਼ ਵੀ ਖਰੀਦੀਆਂ ਗਈਆਂ ਹਨ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਲਈ ਮਸਨੂਈ ਗਰਭਧਾਰਨ ਰਾਹੀਂ ਪਸ਼ੂਧਨ ਦੀ ਉਤਪਾਦਕਤਾ ਵਧਾਉਣ ਦੇ ਨਾਲ ਨਾਲ ਪਸ਼ੂਆਂ ਵਿੱਚ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਸਮੇਂ ਸਿਰ ਟੀਕਾਕਰਨ ਪ੍ਰੋਗਰਾਮ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ।ਸ. ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਸ਼ੂ ਪਾਲਣ ਦੇ ਬਿਹਤਰ ਢੰਗ-ਤਰੀਕਿਆਂ ਰਾਹੀਂ ਪਸ਼ੂ ਪਾਲਕਾਂ ਨੂੰ ਸਸ਼ਕਤ ਬਣਾਉਣ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਪਸ਼ੂਆਂ ਦੀ ਉਤਪਾਦਕਤਾ ਨੂੰ ਵਧਾਉਣ, ਬਿਮਾਰੀਆਂ ਦੇ ਪ੍ਰਕੋਪ ਨੂੰ ਘਟਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ।ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਇਸ ਸਮਾਗਮ ਦੀ ਮਹੱਤਤਾ ‘ਤੇ ਚਾਨਣਾ ਪਾਇਆ, ਜਿਸ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਸ਼ੂ ਉਤਪਾਦਕਤਾ ਵਧਾਉਣ ਅਤੇ ਕਿਸਾਨਾਂ ਦੀ ਪ੍ਰਗਤੀ ਲਈ ਨਵੀਨਤਾਕਾਰੀ ਹੱਲਾਂ ‘ਤੇ ਚਰਚਾ ਕੀਤੀ ਗਈ। ਉਨ੍ਹਾਂ ਵਿਭਾਗ ਦੇ ਫੀਲਡ ਸਟਾਫ ਨੂੰ ਪਸ਼ੂਆਂ ਨੂੰ ਸਮੇਂ ਸਿਰ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਆਪਣੇ ਪਸ਼ੂਆਂ ਦੇ ਇਲਾਜ ਲਈ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

Written By
The Punjab Wire