ਕਿਹਾ ਆਪਣੇ ਸਿਰਾਂ ਦੇ ਮੁੱਲ ਤਾਰ ਕੇ ਕਿਸਾਨਾਂ ਨੇ ਲਈਆਂ ਹਨ ਇਹ ਜਮੀਨਾਂ
ਬਟਾਲਾ 29 ਜੁਲਾਈ (ਦੀ ਪੰਜਾਬ ਵਾਇਰ)– ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਜਾ ਰਹੀ ਲੈਂਡ ਪੁਲਿੰਗ ਸਕੀਮ ਕਿਸਾਨ ਤੇ ਪੰਜਾਬ ਮਾਰੂ ਹੈ ਜਿਸ ਨੂੰ ਪੰਜਾਬ ਦੇ ਬਹਾਦਰ ਲੋਕ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਨੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿੱਥੇ ਪੰਜਾਬ ਨੂੰ ਲੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹੁਣ ਉਹ ਪੰਜਾਬ ਦੇ ਕਿਸਾਨਾਂ ਤੋਂ ਉਹਨਾਂ ਦੀਆਂ ਜਮੀਨਾਂ ਖੋਹ ਕੇ ਪੰਜਾਬ ਸੂਬੇ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਸ ਨੂੰ ਪੰਜਾਬ ਦੇ ਵਾਸੀ ਅਤੇ ਖਾਸ ਕਰਕੇ ਕਿਸਾਨ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਸ. ਬੁੱਟਰ ਨੇ ਕਿਹਾ ਕਿ ਇਹ ਜਮੀਨਾਂ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੇਣ ਹਨ ਅਤੇ ਪੰਜਾਬੀਆਂ ਨੇ ਆਪਣਾ ਦੇਸ਼, ਸੂਬਾ ਅਤੇ ਇਹ ਜਮੀਨਾਂ ਮੁਫਤ ਵਿੱਚ ਨਹੀਂ ਬਲਕਿ ਸਿਰਾਂ ਦੇ ਮੁੱਲ ਤਾਰ ਕੇ ਲਈਆਂ ਹੋਈਆਂ ਹਨ।
ਭਾਜਪਾ ਆਗੂ ਸ. ਬੁੱਟਰ ਨੇ ਅੱਗੇ ਕਿਹਾ ਕਿ ਆਪ ਸੁਪਰੀਮੋ ਕੇਜਰੀਵਾਲ ਦੀ ਸੋਚ ਹਮੇਸ਼ਾ ਹੀ ਪੰਜਾਬ ਅਤੇ ਕਿਸਾਨ ਵਿਰੋਧੀ ਰਹੀ ਹੈ ਜਿਸ ਕਰਕੇ ਉਹ ਪੰਜਾਬ ਦੇ ਖਜ਼ਾਨੇ ਨੂੰ ਦਾ ਦੁਰਉਪਯੋਗ ਕਰਕੇ ਦੇਸ਼ ਭਰ ਵਿੱਚ ਆਪਣੀ ਪਾਰਟੀ ਦੀ ਲਹਿਰ ਚਲਾ ਰਿਹਾ ਅਤੇ ਉਹ ਹੁਣ ਪੰਜਾਬ ਦੇ ਕਿਸਾਨਾਂ ਤੋਂ ਉਹਨਾਂ ਦੀਆਂ ਜਮੀਨਾਂ ਖੋਹਣ ਲਈ ਕਈ ਤਰ੍ਹਾਂ ਦੇ ਹੱਥ ਕੰਢੇ ਵੀ ਵਰਤਣ ਲੱਗਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਆਗੂਆਂ ਦੀ ਮਿਲੀ ਭੁਗਤ ਨਾਲ ਦਰਿਆਵਾਂ ਵਿੱਚ ਸੁੱਟੇ ਜਾ ਰਹੇ ਰਸਾਇਣਕ ਗੰਦੇ ਪਾਣੀ ਅਤੇ ਪੱਥਰ ਤੇ ਰੇਤੇ ਦੀ ਬੇਰੋਕ ਨਜਾਇਜ਼ ਨਿਕਾਸੀ ਰਾਹੀਂ ਪੰਜਾਬ ਦੀ ਵਾਹੀ ਯੋਗ ਜ਼ਮੀਨ, ਪਾਣੀ ਤੇ ਵਾਤਾਵਰਨ ਦਾ ਬੁਰੀ ਤਰ੍ਹਾਂ ਸਤਿਆਨਾਸ ਕੀਤਾ ਜਾ ਰਿਹਾ ਹੈ। ਉਨਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਸੂਬੇ ਦੇ ਹਿੱਤ ਅਤੇ ਸੂਬੇ ਦੇ ਲੋਕਾਂ, ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਬਿੱਲ ਨੂੰ ਤੁਰੰਤ ਰੱਦ ਕਰਨ। ਸ. ਬੁੱਟਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਕਿ ਇਸ ਵੇਲੇ ਸੂਬੇ ਵਿੱਚ ਨਸ਼ਿਆਂ ਜਾਂ ਗੈਂਗਵਾਰ ਦਾ ਪੂਰੀ ਤਰ੍ਹਾਂ ਬੋਲ ਬਾਲਾ ਹੈ ਜਿਸ ਦੇ ਖਾਤਮੇ ਲਈ ਆਪ ਸਰਕਾਰ ਵੱਲੋਂ ਫਰਜੀ ਤੌਰ ਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕਾਨੂੰਨ ਦੇ ਰਾਜ ਅਤੇ ਅਦਾਲਤੀ ਪ੍ਰਬੰਧ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਅੰਦੋਲਨਾਂ ਵਿੱਚੋਂ ਪੈਦਾ ਹੋਈ ਸ਼ਹੀਦ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦੀ ਪੈਰੋਕਾਰ ਹੋਣ ਦਾ ਵਿਖਾਵਾ ਕਰਨ ਵਾਲੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਂਤਮਈ ਜਨਤਕ ਅੰਦੋਲਨਾਂ ਨੂੰ ਜਬਰ ਤੇ ਝੂਠੇ ਕੇਸਾਂ ਦੇ ਸਹਾਰੇ ਕੁਚਲਣ ਦੇ ਯਤਨ ਕਰ ਰਹੀ ਹੈ ਜਿਸ ਦਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੇ ਲੋਕ ਮੁਕੰਮਲ ਸਫਾਇਆ ਕਰ ਦੇਣਗੇ।