ਦੋਸ਼ੀਆਂ ਦੀ ਗ੍ਰਿਫ਼ਤਾਰੀ ਮਗਰੋਂ ਵੀ ਗੁਰਦਾਸਪੁਰ ਪੁਲਿਸ ਪੂਰੀ ਤਰ੍ਹਾਂ ਚੌਕਸ: SSP ਅਦਿੱਤਯ ਨੇ ਬਾਜ਼ਾਰਾਂ ਅੰਦਰ ਮਾਰਚ ਕਰ ਲੋਕਾਂ ਦਾ ਵਧਾਇਆ ਹੌਸਲਾ
ਅਮਨ-ਸ਼ਾਂਤੀ ਅਤੇ ਆਗਾਮੀ ਤਿਓਹਾਰਾਂ ਦੇ ਮੱਦੇਨਜ਼ਰ ਸ਼ਹਿਰ ਦੇ ਤੰਗ ਬਾਜ਼ਾਰਾਂ ਵਿੱਚ ਐਸ.ਐਸ.ਪੀ ਨੇ ਅਧਿਕਾਰੀਆਂ ਨਾਲ ਕੀਤਾ ਮਾਰਚ
ਗੁਰਦਾਸਪੁਰ, 26 ਜੁਲਾਈ 2025 (ਮੰਨਨ ਸੈਣੀ)। ਬਾਜ਼ਾਰ ਤੁਹਾਡਾ ਹੈ, ਗ੍ਰਾਹਕ ਤੁਹਾਡੇ ਹਨ, ਆਪ ਹੀ ਤਰਤੀਬ ਨਾਲ ਵਾਹਨ ਪਾਰਕ ਕਰੋਂ, ਨਾਜ਼ਾਇਜ ਕਬਜੇ ਨਾ ਕਰੋਂ ਤਾਂ ਜੋ ਕਿਸੀ ਵੀ ਅਮਰਜੈਂਸੀ ਅੰਦਰ ਕੋਈ ਸਾਧਨ ਸਮੇਂ ਤੱਕ ਤੁਹਾਡੇ ਤੱਕ ਪਹੁੰਚ ਕਰ ਸਕੇ ਅਤੇ ਪੁਲਿਸ ਨੂੰ ਸਖਤ ਐਕਸ਼ਨ ਨਾ ਲੈਣਾ ਪਵੇਂ, ਉਕਤ ਅਪੀਲ ਐਸ.ਐਸ.ਪੀ ਗੁਰਦਾਸਪੁਰ ਆਈ.ਪੀ.ਐਸ ਅਦਿੱਤਯ ਵੱਲੋਂ ਬੀਤੇ ਦਿਨ੍ਹੀ ਦੇਰ ਸ਼ਾਮ ਕੀਤੇ ਗਏ ਮਾਰਚ ਦੌਰਾਨ ਦੁਕਾਨਾਦਰਾਂ ਨੂੰ ਕੀਤੀ ਗਈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਗੁਰਦਾਸਪੁਰ ਵਿੱਚ ਇੱਕ ਦੁਕਾਨਦਾਰ ਦੇ ਸੀਸ਼ੇ ਤੇ ਚੱਲੀ ਗੋਲੀ ਵਾਲੇ ਘਟਨਾਕ੍ਰਮ ਤੋਂ ਬਾਅਦ, ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਬਰਕਰਾਰ ਰੱਖਣ, ਆਗਾਮੀ ਤਿਓਹਾਰਾਂ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਅਤੇ ਲੋਕਾਂ ਦਾ ਹੌਸਲਾ ਵਧਾਉਣ ਲਈ ਗੁਰਦਾਸਪੁਰ ਪੁਲਿਸ ਫਿਲਹਾਲ ਪੂਰੀ ਤਰ੍ਹਾਂ ਸਤਰਕ ਜਾਪ ਰਹੀ ਹੈ। ਇਸੇ ਲੜੀ ਤਹਿਤ ਅੱਜ ਐਸ.ਐਸ.ਪੀ. ਅਦਿੱਤਯ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਹਿਰ ਦੇ ਤੰਗ ਬਾਜ਼ਾਰਾਂ ਵਿੱਚ ਇੱਕ ਪ੍ਰਭਾਵਸ਼ਾਲੀ ਮਾਰਚ ਕੱਢਿਆ ਗਿਆ।
ਇਹ ਮਾਰਚ ਹਨੁਮਾਨ ਚੌਂਕ ਤੋਂ ਸ਼ੁਰੂ ਹੁੰਦਾ ਹੋਇਆ, ਅਮਾਮਬਾੜਾ ਚੌਕ, ਮੇਨ ਬਾਜ਼ਾਰ ਅੰਦਰੋਂ ਖਾਸ ਬਾਜ਼ਾਰਾਂ ਵਿੱਚੋਂ ਲੰਘਿਆ, ਜਿੱਥੇ ਪੈਦਲ ਗਸ਼ਤ ਦੀ ਲੋੜ ਵਧੇਰੇ ਮਹਿਸੂਸ ਕੀਤੀ ਜਾਂਦੀ ਹੈ। ਐਸ.ਐਸ.ਪੀ. ਅਦਿੱਤਯ ਨੇ ਖੁਦ ਅੱਗੇ ਹੋ ਕੇ ਇਨ੍ਹਾਂ ਤੰਗ ਬਾਜ਼ਾਰਾਂ ਦੀ ਹਕੀਕਤ ਦਾ ਅੱਖੀਂ ਵੇਖਿਆ ਜਾਇਜ਼ਾ ਲਿਆ ਅਤੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕੀਤਾ।
ਇਸ ਮੌਕੇ ‘ਤੇ ਐਸ.ਐਸ.ਪੀ. ਅਦਿੱਤਯ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵੀ ਮਜ਼ਬੂਤ ਕਰਦਿਆਂ ਪੂਰੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਇਹ ਮਾਰਚ ਨਾ ਸਿਰਫ਼ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰੇਗਾ, ਸਗੋਂ ਅਪਰਾਧੀਆਂ ਨੂੰ ਵੀ ਸਪਸ਼ਟ ਸੰਦੇਸ਼ ਦੇਵੇਗਾ ਕਿ ਗੁਰਦਾਸਪੁਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਇਸ ਮੌਕੇ ਐਸ.ਐਸ.ਪੀ. ਅਦਿੱਤਯ ਨਾਲ ਐਸ.ਪੀ. ਹੈੱਡ ਕੁਆਰਟਰ ਜੁਗਰਾਜ ਸਿੰਘ, ਡੀ.ਐਸ.ਪੀ. ਗੁਰਵਿੰਦਰ ਸਿੰਘ, ਐਸ.ਐਚ.ਓ. ਦਵਿੰਦਰ ਪ੍ਰਕਾਸ਼ ਸਮੇਤ ਹੋਰ ਕਈ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।