20 ਲੱਖ ਦੀ ਲਾਗਤ ਨਾਲ ਗਊਆਂ ਲਈ ਬਣੇਗੀ ਨਵੀਂ ਸ਼ੈੱਡ
ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਰੱਖਿਆ ਨੀਂਹ ਪੱਥਰ
ਗੁਰਦਾਸਪੁਰ, 18 ਜੁਲਾਈ 2025 (ਮੰਨਨ ਸੈਣੀ)। ਸ਼ਹਿਰ ਦੇ ਬਟਾਲਾ ਰੋਡ ‘ਤੇ ਸਥਿਤ ਗਊਸ਼ਾਲਾ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਗਊਆਂ ਲਈ ਨਵੀਂ ਸ਼ੈੱਡ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੌਰਾਨ ਵਿਧੀ-ਵਿਧਾਨ ਨਾਲ ਪੂਜਾ ਵੀ ਕੀਤੀ ਗਈ। ਇਹ ਨੀਂਹ ਪੱਥਰ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਰੱਖਿਆ।
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਐਡਵੇਕੇਟ ਬਲਜੀਤ ਸਿੰਘ ਪਾਹੜਾ ਨੇ ਦੱਸਿਆ ਕਿ ਇਹ ਗਊਸ਼ਾਲਾ ਸਵਰਗਵਾਸੀ ਮਹੰਤ ਬਾਬਾ ਸ਼ਿਵੀ ਜੀ ਦੁਆਰਾ ਸ਼ੁਰੂ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਗਊਆਂ ਦੀ ਗਿਣਤੀ ਇੰਨੀ ਵੱਧ ਗਈ ਸੀ ਕਿ ਉਨ੍ਹਾਂ ਨੂੰ ਪਹਿਲਾਂ ਵਾਲੀ ਸ਼ੈੱਡ ਵਿੱਚ ਰੱਖਣਾ ਅਸੰਭਵ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿੱਚ 165 ਤੋਂ ਵੱਧ ਗਊਆਂ ਮੌਜੂਦ ਹਨ। ਗਊਸ਼ਾਲਾ ਕਮੇਟੀ ਨੇ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਸੀ ਕਿ ਗਊਆਂ ਲਈ ਇੱਕ ਹੋਰ ਨਵੀਂ ਸ਼ੈੱਡ ਬਣਾਉਣ ਦੀ ਲੋੜ ਹੈ। ਜਿਸ ਦੇ ਚੱਲਦਿਆਂ ਨਗਰ ਕੌਂਸਲ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਇਸ ਨੂੰ ਬਣਾ ਕੇ ਸੰਸਥਾ ਨੂੰ ਸੌਂਪ ਦਿੱਤਾ ਜਾਵੇਗਾ।
ਗਊਸ਼ਾਲਾ ਦੇ ਪ੍ਰਧਾਨ ਜਤਿੰਦਰਜੀਤ ਸ਼ਰਮਾ ਅਤੇ ਬਾਬਾ ਸ਼ਿਵੀ ਜੀ ਦੇ ਸਪੁੱਤਰ ਹਿਤੇਸ਼ਨਾਥ ਮਹੰਤ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਗਊਆਂ ਲਈ ਸ਼ੈੱਡ ਬਣਾਉਣਾ ਬੇਹੱਦ ਜ਼ਰੂਰੀ ਹੋ ਗਿਆ ਸੀ, ਕਿਉਂਕਿ ਜਗ੍ਹਾ ਘੱਟ ਹੋਣ ਕਾਰਨ ਗਊਆਂ ਨੂੰ ਰੱਖਣ ਅਤੇ ਉਨ੍ਹਾਂ ਦੀ ਸਾਫ਼-ਸਫ਼ਾਈ ਕਰਨ ਲਈ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਨਵੀਂ ਸ਼ੈੱਡ ਬਣਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ। ਸ਼ੈੱਡ ਨਾ ਹੋਣ ਕਾਰਨ ਮੌਨਸੂਨ ਅਤੇ ਸਰਦੀ ਦੇ ਮੌਸਮ ਦੌਰਾਨ ਗਊਆਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ। ਇਸ ਮੌਕੇ ਵਾਈਸ ਪ੍ਰਧਾਨ ਰਾਜ ਕੁਮਾਰ, ਸਰਪ੍ਰਸਤ ਰੰਜਨ ਸ਼ਰਮਾ ਰੰਜੂ, ਜਨਰਲ ਸਕੱਤਰ ਮਹੰਤ ਰਾਜ ਕੁਮਾਰ, ਕੈਸ਼ੀਅਰ ਰਾਜ ਕੁਮਾਰ ਸ਼ਰਮਾ, ਤਰਸੇਮ ਰਾਜ, ਪੁਨੀਤ ਰਾਏ, ਸੰਜੀਵ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਡਾ. ਹਰਤੇਜ ਸ਼ਰਮਾ ਅਤੇ ਕਾਂਗਰਸ ਦੇ ਕੌਂਸਲਰ ਵੀ ਮੌਜੂਦ ਸਨ।